ਸ੍ਰੀ ਮੁਕਤਸਰ ਸਾਹਿਬ/ਲੰਬੀ 16 ਦਸੰਬਰ (ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਬਾਦਲਾਂ ਦੇ ਹਲਕਾ ਲੰਬੀ ਦੇ ਪਿੰਡ ਖੁੱਡੀਆਂ ‘ਚ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਚੰਨੀ ਸਰਕਾਰ ‘ਤੇ ਵੱਡੇ ਹਮਲੇ ਕਰਦੇ ਹੋਏ ਅਰਵਿੰਦ ਕੇਜੀਵਾਲ ਨੇ ਮੁੱਖ ਮੰਤਰੀ ਚੰਨੀ ਦੀ ਸਰਕਾਰ ਨੂੰ ਨੌਟਕੀਬਾਜ਼ ਅਤੇ ਡਰਾਮੇਬਾਜ਼ਾਂ ਦੀ ਸਰਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪਾਰਟੀ ਹੁਣ ਸਰਕਸ ਬਣ ਚੁੱਕੀ ਹੈ। ਕਾਂਗਰਸ ‘ਚ ਸਾਰੇ ਆਪਸ ‘ਚ ਲੜ ਰਹੇ ਹਨ। ਕੈਬਨਿਟ ਮੀਟਿੰਗ ‘ਚ ਕਾਂਗਰਸੀ ਆਗੂ ਮੁੱਕਾ-ਮੁੱਕੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਚੰਨੀ ਨਾਲ ਨਹੀਂ ਬਣਦੀ, ਚੰਨੀ ਦੀ ਜਾਖੜ ਨਾਲ ਨਹੀਂ ਬਣਦੀ ਅਤੇ ਜਾਖੜ ਦੀ ਪ੍ਰਤਾਪ ਬਾਜਵਾ ਨਾਲ ਨਹੀਂ ਬਣਦੀ ਹੈ।
ਮੁੱਖ ਮੰਤਰੀ ਚੰਨੀ ‘ਤੇ ਤੰਜ ਕੱਸਦੇ ਉਨ੍ਹਾਂ ਕਿਹਾ ਕਿ ਮੈਨੂੰ ਟੈਂਟ ਲਾਉਣਾ ਨਹੀਂ ਆਉਂਦਾ, ਗਾਂ ਦੁੱਧ ਚੋਣਾ ਨਹੀਂ ਆਉਂਦਾ, ਗੁੱਲੀ ਡੰਡਾ ਨਹੀਂ ਖੇਡਣਾ ਆਉਂਦਾ ਪਰ ਮੈਨੂੰ ਚੰਗੇ ਸਕੂਲ ਬਣਾਉਣੇ ਆਉਂਦੇ, ਚੰਗੇ ਹਸਪਤਾਲ ਬਣਾਉਣੇ ਆਉਂਦੇ, ਬਿਜਲੀ ਬਿੱਲ ਮੁਆਫ਼ ਕਰਨੇ ਆਉਂਦੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ। ਕਾਂਗਰਸ ਸਰਕਾਰ ਨਹੀਂ ਸਰਕਸ ਚੱਲ ਰਹੀ ਹੈ ਅਤੇ ਇਸ ਦੇ ਆਗੂ ਆਪਸ ਵਿੱਚ ਲੜ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਜਦ ਤੋਂ ਉਨ੍ਹਾਂ ਔਰਤਾਂ ਦੇ ਖਾਤੇ ਵਿਚ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਉਦੋ ਤੋਂ ਹੀ ਇਹ ਰਵਾਇਤੀ ਪਾਰਟੀਆਂ ਵਾਲੇ ਬੁਖ਼ਲਾ ਗਈਆਂ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕੁਝ ਸਮਾਂ ਪਹਿਲਾਂ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੋਜ਼ਾਨਾ ਨਵੇਂ-ਨਵੇਂ ਐਲਾਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਅਜਿਹੀ ਡਰਾਮੇਬਾਜ਼ਾਂ ਦੀ ਸਰਕਾਰ ਅੱਜ ਤੱਕ ਨਹੀਂ ਵੇਖੀ ਹੈ। ਕੇਜਰੀਵਾਲ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ‘ਚ ਪਹਿਲਾ ਮੁੱਖ ਮੰਤਰੀ ਹੋਵੇਗਾ, ਜੋ ਬਾਥਰੂਮ ‘ਚ ਵੀ ਲੋਕਾਂ ਨੂੰ ਮਿਲਦਾ ਹੈ। ਅਰਵਿੰਦ ਕੇਜਰੀਵਾਲ ਕੈਪਟਨ ਨੂੰ ਨਿਸ਼ਾਨਾ ਲਾਉਂਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ਵਿਚ ਆਉਣ ਲਈ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕੀਤੇ, ਜੋ ਅਜੇ ਤੱਕ ਪੂਰੇ ਹੀ ਨਹੀਂ ਹੋਏ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਰਗੀ ਡਰਾਮੇਬਾਜ ਅਤੇ ਨੋਟੰਕੀਬਾਜ ਸਰਕਾਰ ਭਾਰਤ ਦੇ ਇਤਿਹਾਸ ਵਿੱਚ ਅੱਜ ਤੱਕ ਨਹੀਂ ਆਈ।
ਪੰਜਾਬ ਦੇ ਬਜਟ ‘ਚੋਂ 34 ਹਜ਼ਾਰ ਕਰੋੜ ਲੀਡਰ ਖਾ ਜਾਂਦੇ ਨੇ
ਅੱਗੇ ਬੋਲਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਇਨ੍ਹਾਂ ਲੋਕਾਂ ਨੇ ਪੰਜਾਬ ਦੀ ਜਨਤਾ ਨੂੰ ਸਿਰਫ਼ ਲੁੱਟਿਆ ਹੀ ਹੈ। ਪੰਜਾਬ ਦੇ ਬਜਟ ‘ਚੋਂ 34 ਹਜ਼ਾਰ ਕਰੋੜ ਤਾਂ ਲੀਡਰ ਹੀ ਖਾ ਜਾਂਦੇ ਹਨ ਤਾਂ ਅਜਿਹੇ ‘ਚ ਪੰਜਾਬ ਦਾ ਵਿਕਾਸ ਕਿਵੇਂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਇਹ ਸਾਰਾ ਪੈਸਾ ਅਸੀਂ ਵਾਪਸ ਲਵਾਂਗੇ ਅਤੇ ਬੀਬੀਆਂ ਦੇ ਖਾਤਿਆਂ ‘ਚ ਪਾਵੇਗਾ। ਇਹ ਸਾਰਾ ਪੈਸਾ ਸਾਡੀਆਂ ਮਾਵਾਂ, ਭੈਣਾਂ ਦੀਆਂ ਜੇਬਾਂ ਭਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਜੇਕਰ 25 ਸਾਲ ਕਾਂਗਰਸ ਦੀ ਪਾਰਟੀ ਨੂੰ ਦਿੱਤੇ ਤਾਂ ਕਾਂਗਰਸੀਆਂ ਨੇ ਵੀ ਕੁਝ ਨਹੀਂ ਕੀਤਾ ਅਤੇ ਜੇਕਰ 19 ਸਾਲ ਅਕਾਲੀਆਂ ਨੂੰ ਦਿੱਤੇ ਤਾਂ ਅਕਾਲੀਆਂ ਨੇ ਵੀ ਕੁਝ ਨਹੀਂ ਕੀਤਾ। ਇਸ ਵਾਰ ਇਕ ਮੌਕੇ ਸਾਨੂੰ ਦਿਓ ਅਤੇ ਜੇਕਰ 5 ਸਾਲਾਂ ‘ਚ ਵਿਕਾਸ ਦਾ ਕਾਰਜ ਨਾ ਹੋਏ ਤਾਂ ਫਿਰ ਭਾਵੇਂ ਮੌਕਾ ਨਾ ਦੇਣਾ।
ਇਸ ਮੌਕੇ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਨੇਤਾ ਨੇ ਕਿਹਾ ਕਿ ਦੋ ਵਾਰ ਅਕਾਲੀ ਸਰਕਾਰ ਸਮੇਂ ਬੇਅਦਬੀ ਹੋਈ ਅਤੇ ਦੋਵੇ ਵਾਰ ਬੇਅਦਬੀ ਦੇ ਦੋਸ਼ੀਆਂ ਨੂੰ ਸ਼ਜਾਵਾਂ ਦੇਣ ਦੀ ਮੰਗ ਕਰਦੇ ਲੋਕਾਂ ‘ਤੇ ਗੋਲ਼ੀ ਚੱਲੀ। ਇਕ ਵਾਰ ਨਕੋਦਰ ਅਤੇ ਇਕ ਵਾਰ ਬਹਿਬਲ ਕਲਾਂ ‘ਤੇ ਦੋਵੇਂ ਵਾਰ ਪੰਥਕ ਕਹਾਉਂਦੀ ਅਕਾਲੀ ਸਰਕਾਰ ਸੀ। ਲੰਬੀ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੋਕ ਪੁੱਛਦੇ ਉਨ੍ਹਾਂ ਦਾ ਮੁਕਾਬਲਾ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨਾਲ ਹੈ, ਕਿਸ ਤਰ੍ਹਾ ਚੋਣ ਮੁਕਾਬਲਾ ਕਰਨਗੇ ਤਾਂ ਉਨ੍ਹਾਂ ਦਾ ਸਿੱਧਾ ਜਵਾਬ ਆ ਕਿ ਮੁੱਖ ਮੰਤਰੀ ਲੋਕ ਬਣਾਉਂਦੇ ਹਨ ਕੋਈ ਵਿਅਕਤੀ ਜਨਮ ਤੋਂ ਹੀ ਮੁੱਖ ਮੰਤਰੀ ਨਹੀਂ ਹੁੰਦਾ। ਇਸ ਮੌਕੇ ਪਾਰਟੀ ਦੇ ਪੰਜਾਬ ਦੇ ਇੰਚਾਰਜ ਰਾਘਵ ਚੱਢਾ, ਵਿਧਾਇਕ ਬਲਜਿੰਦਰ ਕੌਰ ਸਮੇਤ ਆਗੂ ਹਾਜ਼ਰ ਸਨ।
ਅਕਾਲੀ ਦਲ ਵਿਰੁੱਧ ਨਹੀਂ ਬੋਲੇ ਕੇਜਰੀਵਾਲ
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਅੰਦਰ ਰੈਲੀ ਕਰਨ ਪੁੱਜੇ ‘ਆਪ’ ਮੁਖੀ ਅਰਵਿੰਦਰ ਕੇਜਰੀਵਾਲ ਨੇ ਆਪਣੇ ਭਾਸ਼ਣ ਵਿਚ ਨਿਸ਼ਾਨਾ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਅਤੇ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਵਿਰੁੱਧ ਇਕ ਸ਼ਬਦ ਵੀ ਨਹੀਂ ਬੋਲਿਆ। ਭਗਵੰਤ ਮਾਨ ਨੇ ਜ਼ਰੂਰ ਤਿੰਨ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਦੀ ਨੁਕਤਾਚੀਨੀ ਕੀਤੀ ਪਰ ਲੰਬੀ ਹਲਕੇ ਅੰਦਰ ਜਿੱਥੇ ਕਿਸੇ ਵੀ ਪਾਰਟੀ ਦਾ ਮੁੱਖ ਮੁਕਾਬਲਾ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਨਾਲ ਹੈ, ਉਥੇ ਉਨ੍ਹਾਂ ਵਿਰੁੱਧ ਕੇਜਰੀਵਾਲ ਦਾ ਇਕਸ਼ਬਦ ਵੀ ਨਾ ਬੋਲਣਾ ਲੋਕਾਂ ਨੂੰ ਚੁੱਭ ਰਿਹਾ ਹੈ।