ਨਵੀਂ ਦਿੱਲੀ, 11 ਦਸੰਬਰ (ਦਲਜੀਤ ਸਿੰਘ)- ਟਰੈਕਟਰਾਂ ਦੇ ਵੱਡੇ-ਵੱਡੇ ਕਾਫ਼ਲਿਆਂ ਨਾਲ 26 ਨਵੰਬਰ 2020 ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਪਹੁੰਚੇ ਅੰਦੋਲਨਕਾਰੀ ਕਿਸਾਨਾਂ ਨੇ ਸ਼ਨੀਵਾਰ ਦੀ ਸਵੇਰ ਆਪਣੇ-ਆਪਣੇ ਗ੍ਰਹਿ ਸੂਬਿਆਂ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਹੈ। ਇਕ ਸਾਲ ਤੋਂ ਵਧੇਰੇ ਸਮੇਂ ਯਾਨੀ ਕਿ 380 ਦਿਨਾਂ ਤੋਂ ਆਪਣੇ ਘਰਾਂ ਤੋਂ ਦੂਰ ਦਿੱਲੀ ’ਚ ਡਟੇ ਇਹ ਕਿਸਾਨ ਆਪਣੇ ਨਾਲ ਜਿੱਤ ਦੀ ਖ਼ੁਸ਼ੀ ਅਤੇ ਸਫ਼ਲ ਪ੍ਰਦਰਸ਼ਨ ਦੀਆਂ ਯਾਦਾਂ ਲੈ ਕੇ ਪਰਤ ਰਹੇ ਹਨ। ਕਿਸਾਨਾਂ ਨੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਹਵਾਈ ਮਾਰਗਾਂ ’ਤੇ ਨਾਕੇਬੰਦੀ ਹਟਾ ਦਿੱਤੀ। ਤਿੰਨ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐੱਮ. ਐੱਸ. ਪੀ. ’ਤੇ ਕਾਨੂੰਨੀ ਗਰੰਟੀ ਲਈ ਇਕ ਕਮੇਟੀ ਗਠਿਤ ਕਰਨ ਸਮੇਤ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੇਂਦਰ ਦੇ ਲਿਖਤੀ ਭਰੋਸੇ ਦਾ ਜਸ਼ਨ ਮਨਾਉਣ ਲਈ ਅੱਜ ਇਕ ‘ਵਿਜੇ ਮਾਰਚ’ ਕੱਢਿਆ ਅਤੇ ਘਰਾਂ ਨੂੰ ਪਰਤਣ ਲੱਗੇ।ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ਵਿਚ ਕਿਸਾਨਾਂ ਦੇ ਆਪਣੇ ਘਰਾਂ ਲਈ ਰਵਾਨਗੀ ਹੋਣ ਨਾਲ ਭਾਵਨਾਵਾਂ ਉਤਸ਼ਾਹ ਬਣ ਕੇ ਉਮੜ ਪਈਆਂ। ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜੇ ਟਰੈਕਟਰ ਜਿੱਤ ਦੇ ਗੀਤ ਗਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਵਾਲੀਆਂ ਥਾਵਾਂ ਤੋਂ ਨਿਕਲਣ ਲੱਗੇ ਅਤੇ ਰੰਗੀਨ ਪੱਗਾਂ ਬੰਨ੍ਹੇ ਬਜ਼ੁਰਗ ਅਤੇ ਨੌਜਵਾਨ ਨੱਚਦੇ ਹੋਏ ਨਜ਼ਰ ਆਏ। ਕਿਸਾਨਾਂ ਦਾ ਕਹਿਣਾ ਹੈ ਕਿ ਸਿੰਘੂ ਬਾਰਡਰ ਪਿਛਲੇ ਇਕ ਸਾਲ ਤੋਂ ਸਾਡਾ ਘਰ ਬਣ ਗਿਆ ਸੀ। ਇਸ ਅੰਦੋਲਨ ਨੇ ਸਾਨੂੰ ਇਕਜੁੱਟ ਕੀਤਾ।
ਸੈਂਕੜੇ ਚੰਗੀਆਂ ਯਾਦਾਂ ਨਾਲ ਅਤੇ ਕਾਲੇ ਕਾਨੂੰਨਾਂ ਖ਼ਿਲਾਫ਼ ਮਿਲੀ ਜਿੱਤ ਨਾਲ ਘਰ ਜਾ ਰਹੇ ਹਾਂ। ਕਿਸਾਨ 11 ਦਸੰਬਰ ਯਾਨੀ ਕਿ ਅੱਜ ਦਾ ਦਿਨ ‘ਵਿਜੇ ਦਿਵਸ’ ਦੇ ਰੂਪ ਵਿਚ ਮਨਾ ਰਹੇ ਹਨ। ਦੱਸਣਯੋਗ ਹੈ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਪਿਛਲੇ ਸਾਲ 26 ਨਵੰਬਰ 2020 ਤੋਂ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ 29 ਨਵੰਬਰ 2021 ਨੂੰ ਸੰਸਦ ’ਚ ਇਕ ਬਿੱਲ ਪਾਸ ਕੀਤਾ ਗਿਆ ਸੀ। ਹਾਲਾਂਕਿ ਕਿਸਾਨਾਂ ਨੇ ਆਪਣਾ ਅੰਦੋਲਨ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰੇ, ਜਿਸ ’ਚ ਐੱਮ. ਐੱਸ. ਪੀ. ’ਤੇ ਕਾਨੂੰਨੀ ਗਰੰਟੀ ਅਤੇ ਉਨ੍ਹਾਂ ਖ਼ਿਲਾਫ਼ ਪੁਲਸ ’ਚ ਦਰਜ ਮੁਕੱਦਮੇ ਵਾਪਸ ਲੈਣਾ ਸ਼ਾਮਲ ਹੈ। ਜਿਵੇਂ ਹੀ ਸਰਕਾਰ ਨੇ ਪੈਂਡਿੰਗ ਮੰਗਾਂ ਨੂੰ ਮਨਜ਼ੂਰ ਕਰ ਲਿਆ, ਅੰਦੋਲਨ ਦੀ ਅਗਵਾਈ ਕਰ ਰਹੀਆਂ 40 ਕਿਸਾਨ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਨੂੰ ਕਿਸਾਨ ਅੰਦੋਲਨ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਅਤੇ ਐਲਾਨ ਕੀਤਾ ਕਿ ਕਿਸਾਨ 11 ਦਸੰਬਰ ਨੂੰ ਦਿੱਲੀ ਦੇ ਬਾਰਡਰਾਂ ਤੋਂ ਘਰ ਵਾਪਸੀ ਕਰਨਗੇ।