ਨਵੀਂ ਦਿੱਲੀ, 10 ਦਸੰਬਰ (ਦਲਜੀਤ ਸਿੰਘ)- ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਸਾਰੇ ਜਵਾਨਾਂ ਦਾ ਅੰਤਿਮ ਸੰਸਕਾਰ ਅੱਜ ਪੂਰੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ। ਸਵੇਰ ਤੋਂ ਹੀ ਸੀਡੀਐੱਸ ਰਾਵਤ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਉਨ੍ਹਾਂ ਦੇ ਅਧਿਕਾਰਤ ਨਿਵਾਸ ਕਾਮਰਾਜ ਮਾਰਗ ‘ਤੇ ਲਗਾਤਾਰ ਪਤਵੰਤੇ ਲੋਕਾਂ ਨੇ ਅੰਤਿਮ ਦਰਸ਼ਨ ਕੀਤੇ। ਸੀਡੀਐੱਸ ਰਾਵਤ ਨੂੰ ਤਿੰਨਾਂ ਫ਼ੌਜ ਮੁਖੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੀ ਦੇਹ ਬਰਾਰ ਸਕਵਾਇਰ ਪਹੁੰਚ ਚੁੱਕੀ ਹੈ। ਬਰਾਰ ਸਕਵਾਇਰ ‘ਤੇ ਉਨ੍ਹਾਂ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ। ਜਨਰਲ ਰਾਵਤ ਦੀਆਂ ਦੋਵਾਂ ਧੀਆਂ ਨੇ ਉਨ੍ਹਾਂ ਨੂੰ ਅਗਨੀ ਭੇਟ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਥੇ ਮੌਜੂਦ ਸਨ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਜਨਰਲ ਬਿਪਿਨ ਰਾਵਤ ਦੇ ਸਲਾਹਕਾਰ ਬ੍ਰਿਗੇਡੀਅਰ ਐਲਐਸ ਲਿਡਰ ਦਾ ਅੰਤਿਮ ਸੰਸਕਾਰ ਸਵੇਰੇ ਕਰੀਬ 10.40 ‘ਤੇ ਦਿੱਲੀ ਕੈਂਟ ਦੇ ਬ੍ਰਾਰ ਸਕੁਆਇਰ ‘ਚ ਕੀਤਾ ਗਿਆ।
ਦੱਸ ਦੇਈਏ ਕਿ ਸੀਡੀਐਸ ਜਨਰਲ ਬਿਪਿਨ ਰਾਵਤ ਦੇ ਦਾਦਾ ਵਾਇਸਰਾਏ ਦੇ ਨਾਲ ਸਨ। ਉਨ੍ਹਾਂ ਦੇ ਪਿਤਾ ਥਲ ਸੈਨਾ ਦੇ ਉਪ ਮੁਖੀ ਸਨ, ਜਨਰਲ ਰਾਵਤ ਨੇ ਵੀ ਆਪਣੇ ਪਿਤਾ ਦੀ ਗੋਰਖਾ ਰੈਜੀਮੈਂਟ ਤੋਂ ਸ਼ੁਰੂਆਤ ਕੀਤੀ ਸੀ। ਉਸਦਾ ਇੱਕ ਭਰਾ ਵੀ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਹੈ ਅਤੇ ਉਸਦਾ ਇੱਕ ਭਤੀਜਾ ਫੌਜ ਵਿੱਚ ਕਪਤਾਨ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਦੜ ਨੂੰ ਤਿੰਨੋਂ ਥਲ ਸੈਨਾ ਮੁਖੀਆਂ, ਹਰਿਆਣਾ ਦੇ ਮੁੱਖ ਮੰਤਰੀ, ਐਨਐਸਏ ਅਜੀਤ ਡੋਵਾਲ, ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਦੜ ਨੇ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਅਧੀਨ ਸੇਵਾਵਾਂ ਨਿਭਾਈਆਂ।