ਪਟਿਆਲਾ 10 ਦਸੰਬਰ (ਦਲਜੀਤ ਸਿੰਘ)- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਥੇ ਆਖਿਆ ਕਿ 26 ਹਜ਼ਾਰ ਕਰੋੜ ਦੇ ਫੋਕੇ ਐਲਾਨ ਕਰਨ ਵਾਲੀ ਚੰਨੀ ਸਰਕਾਰ ਦੇ ਖਜ਼ਾਨੇ ’ਚ 26 ਕਰੋੜ ਵੀ ਨਹੀਂ ਹਨ, ਜਿਸ ਤੋਂ ਸਪੱਸ਼ਟ ਹੈ ਕਿ ਚੰਨੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲੱਗੇ ਹੋਏ ਹਨ। ਇਹੀ ਸਾਢੇ 4 ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਕਰਦੇ ਰਹੇ ਹੈ। ਬਾਦਲ ਇਥੇ ਪਟਿਆਲਾ ਦਿਹਾਤੀ ਤੋਂ ਅਕਾਲੀ ਦਲ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੇ ਹੱਕ ’ਚ ਹੋਈ ਹਜ਼ਾਰਾਂ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਮੌਜੂਦ ਸਨ। ਸੁਖਬੀਰ ਨੇ ਆਖਿਆ ਕਿ ਚੰਨੀ ਇਕ ਟੈਂਪਰੇਰੀ ਮੁੱਖ ਮੰਤਰੀ ਹੈ। ਜੇਕਰ ਕਾਂਗਰਸ ’ਚ ਹਿੰਮਤ ਹੈ ਤਾਂ ਉਹ ਚੰਨੀ ਦਾ ਨਾਂ ਅਗਲੇ ਮੁੱਖ ਮੰਤਰੀ ਲਈ ਐਲਾਨ ਕਰੇ। ਚੰਨੀ ਦੀ ਡੋਰ ਕੇਂਦਰ ਦੇ ਹੱਥ ’ਚ ਹੈ। ਉਸ ਦੇ ਸਿਰ ’ਤੇ ਇਕ ਕੇਂਦਰੀ ਕਾਂਗਰਸ ਦਾ ਇੰਚਾਰਜ ਬਿਠਾ ਦਿੱਤਾ ਹੈ, ਜਿਸ ਨੇ ਪੱਕੇ ਤੌਰ ’ਤੇ ਹੀ ਪੰਜਾਬ ਨੂੰ ਲੁੱਟਣ ਲਈ ਡੇਰੇ ਲਗਾ ਲਏ ਹਨ। ਉਨ੍ਹਾਂ ਆਖਿਆ ਕੇਜਰੀਵਾਲ, ਜਿਹੜੇ ਕਹਿੰਦੇ ਹਨ ਕਿ ਇਕ ਹਜ਼ਾਰ ਰੁਪਏ ਮੈਂ ਹਰ ਔਰਤ ਨੂੰ ਦੇਵਾਂਗਾ।
ਯਾਨੀ ਕੇਜਰੀਵਾਲ ਦੀ ਪਤਨੀ ਜਾਂ ਫਿਰ ਮੇਰੀ ਪਤਨੀ ਨੂੰ ਵੀ ਇਕ ਹਜ਼ਾਰ ਰੁਪਏ ਮਿਲਣਗੇ। ਉਨ੍ਹਾਂ ਆਖਿਆ ਕਿ ਸਰਕਾਰਾਂ ਗਰੀਬਾਂ, ਲੋੜਵੰਦਾਂ ਅਤੇ ਕਿਸਾਨਾਂ ਦੀ ਮਦਦ ਲਈ ਬਣਦੀਆਂ ਹਨ। ਸਰਕਾਰਾਂ ਦਾ ਪਹਿਲਾ ਕੰਮ ਹੀ ਇਨ੍ਹਾਂ ਲਈ ਯੋਜਨਾਵਾਂ ਬਣਾਉਣੀਆਂ ਹਨ। ਕੇਜਰੀਵਾਲ ਜੋ ਪੰਜਾਬ ’ਚ ਕਹਿੰਦਾ ਹੈ, ਉਸ ਨੇ ਕਦੇ ਵੀ ਉਹ ਦਿੱਲੀ ’ਚ ਲਾਗੂ ਨਹੀਂ ਕੀਤਾ। ਬਾਦਲ ਨੇ ਆਖਿਆ ਕਿ ਜੋ ਵਾਅਦੇ ਕੇਜਰੀਵਾਲ ਨੇ ਪੰਜਾਬ ਅੰਦਰ ਕੀਤੇ ਹਨ, ਉਹ ਪਹਿਲਾਂ ਦਿੱਲੀ ’ਚ ਲਾਗੂ ਕਰ ਕੇ ਵਿਖਾਵੇ।
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਅਕਾਲੀ ਦਲ ਅਤੇ ਬਸਪਾ ਦੀ ਪੰਜਾਬ ’ਚ ਸਰਕਾਰ ਬਣਾਉਣ ਲਈ ਤਿਆਰ ਹੈ।
ਰੈਲੀ ’ਚ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਰੱਖੜਾ ਸੀਨੀਅਰ ਅਕਾਲੀ ਨੇਤਾ, ਬਸਪਾ ਦੇ ਜਨਰਲ ਸਕੱਤਰ ਜੋਗਾ ਸਿੰਘ ਪਨੌਦੀਆਂ, ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਰਾਜੂ ਖੰਨਾ ਉਮੀਦਵਾਰ ਹਲਕਾ ਅਮਲੋਹ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਇੰਦਰ ਮੋਹਨ ਸਿੰਘ ਬਜਾਜ ਸਾਬਕਾ ਚੇਅਰਮੈਨ, ਅਜੀਤਪਾਲ ਸਿੰਘ ਕੋਹਲੀ ਸਾਬਕਾ ਮੇਅਰ, ਹਰਪਾਲ ਜੁਨੇਜਾ ਉਮੀਦਵਾਰ ਸ਼ਹਿਰੀ ਪਟਿਆਲਾ, ਸਾਬਕਾ ਕੌਂਸਲਰ ਮਾਲਵਿੰਦਰ ਸਿੰਘ ਝਿੱਲ, ਰਾਜਿੰਦਰ ਸਿੰਘ ਵਿਰਕ, ਹਰਵਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਪੰਮਾ ਅਤੇ ਹੋਰ ਵੀ ਸੀਨੀਅਰ ਨੇਤਾ ਹਾਜ਼ਰ ਸਨ।
ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਹਜ਼ਾਰਾਂ ਵਰਕਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਵਿਧਾਇਕ ਨਹੀਂ, ਹਮੇਸ਼ਾ ਵਰਕਰ ਬਣ ਕੇ ਲੋਕਾਂ ਦੀ ਸੇਵਾ ਕਰਨਗੇ। ਮੈਂ 25 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਅਤੇ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ।
ਸੁਖਬੀਰ ਬਾਦਲ ਨੇ ਆਖਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਚਾਰ ਕਰਨ ਲਈ ਚੋਣ ਮੈਦਾਨ ’ਚ ਕੁੱਦ ਸਕਦੇ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਲਈ ਅਕਾਲੀ ਦਲ ਹਮੇਸ਼ਾ ਖੜਿਆ ਹੈ ਅਤੇ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਲਈ ਵੱਡੀ ਕੁਰਬਾਨੀ ਕੀਤੀ ਹੈ। ਕਿਸਾਨਾਂ ਦੀਆਂ ਮੰਗਾਂ ਲਈ ਹੀ ਭਾਜਪਾ ਨਾਲੋਂ ਨਾਤਾ ਤੋੜਿਆ ਅਤੇ ਹਰਸਿਮਰਤ ਬਾਦਲ ਨੂੰ ਕੇਂਦਰ ’ਚੋਂ ਵਾਪਸ ਬੁਲਾਇਆ ਗਿਆ।