ਅੰਮ੍ਰਿਤਸਰ, 10 ਦਸੰਬਰ (ਦਲਜੀਤ ਸਿੰਘ)- ਪੰਜਾਬ ਦੀ ਰਾਜਨੀਤੀ ’ਚ ਉਥੱਲ ਪੁਥਲ ਮਚਾਉਣ ਵਾਲੇ ਕ੍ਰਿਕੇਟਰ, ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਫੈਸਲਾ ਸੁਣਾਇਆ ਹੈ। ਇਨਕਮ ਟੈਕਸ ਅਸੈਸਮੈਂਟ ਦੇ ਕੇਸ ’ਚ ਸਿੱਧੂ ਦੇ ਵਲੋਂ ਦਾਖਲ ਕੀਤੀ ਗਈ ਮੰਗ ’ਤੇ ਫ਼ੈਸਲਾ ਸੁਣਾਉਂਦੇ ਹੋਏ ਜਿੱਥੇ ਮਾਣਯੋਗ ਅਦਾਲਤ ਨੇ ਇਨਕਮ ਟੈਕਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਲਿਤਾਡ਼ਿਆ ਹੈ, ਉਥੇ ਹੀ ਅਸੈਸਮੈਂਟ ਕੇਸ ’ਚ ਸਿੱਧੂ ਦੇ ਵਲੋਂ ਇਨਕਮ ਟੈਕਸ ਦਫਤਰ ਅੰਮ੍ਰਿਤਸਰ ’ਚ ਦਾਖਲ ਕੀਤੀ ਗਈ ਅਪੀਲ ਨੂੰ ਵੀ ਇਨਕਮ ਟੈਕਸ ਦਫਤਰ ਦੇ ਵਲੋਂ ਹੀ ਸੁਣਨ ਦੇ ਹੁਕਮ ਜਾਰੀ ਕੀਤੇ ਹਨ।
ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਸਾਲ 2017-18 ਦੌਰਾਨ 9 ਕਰੋਡ਼ ਰੁਪਏ ਦਾ ਇਨਕਮ ਟੈਕਸ ਭਰਿਆ ਸੀ ਪਰ ਇਨਕਮ ਟੈਕਸ ਵਿਭਾਗ ਦਾ ਕਹਿਣਾ ਸੀ ਕਿ ਸਿੱਧੂ ਦਾ 9 ਕਰੋਡ਼ ਨਹੀਂ, ਸਗੋ 12 ਕਰੋਡ਼ ਰੁਪਿਆ ਇਨਕਮ ਟੈਕਸ ਬਣਦਾ ਹੈ। ਇਸ ਸਬੰਧ ’ਚ ਐਡਵੋਕੇਟ ਪੀ. ਸੀ. ਸ਼ਰਮਾ ਅਤੇ ਸੀ. ਏ. ਰਾਜਨ ਕੁਮਾਰ ਦੇ ਵਲੋਂ ਇਨਕਮ ਟੈਕਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਫਤਰ ’ਚ ਅਪੀਲ ਪਾਈ ਗਈ ਸੀ, ਪਰ ਕਮਿਸ਼ਨਰ ਇਨਕਮ ਟੈਕਸ ਨੇ ਇਸ ਅਪੀਲ ਨੂੰ ਸੁਣੇ ਬਿਨ੍ਹਾਂ ਹੀ ਖਾਰਿਜ ਕਰ ਦਿੱਤਾ ਸੀ, ਜਿਸ ਦੇ ਬਾਅਦ ਸਿੱਧੂ ਵਲੋਂ ਹਾਈਕੋਰਟ ’ਚ ਅਪੀਲ ਪਾਈ ਗਈ ।