ਅੰਮ੍ਰਿਤਸਰ , 7 ਦਸੰਬਰ (ਦਲਜੀਤ ਸਿੰਘ)- ਸਿੱਖਿਆ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰ ਭਖੀ ਹੋਈ ਹੈ। ਇਸ ਸਭ ਦੇ ਦਰਮਿਆਨ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਅੰਮ੍ਰਿਤਸਰ ’ਚ ਪੈਂਦੇ ਵਡਾਲਾ ਭਿੱਟੇ ਵੱਢ ਪਿੰਡ ਦੇ ਸਰਕਾਰੀ ਸਕੂਲ ਵਿਚ ਅਚਨਚੇਤ ਪਹੁੰਚ ਕੇ ਚੈਕਿੰਗ ਕੀਤੀ ਗਈ। ਇਸ ਦਰਮਿਆਨ ਮੁੱਖ ਮੰਤਰੀ ਵਲੋਂ ਜਿੱਥੇ ਸਕੂਲ ਪ੍ਰਬੰਧਕ ਦਾ ਜਾਇਜ਼ਾ ਲਿਆ ਗਿਆ, ਉਥੇ ਹੀ ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਸਕੂਲ ਪ੍ਰਬੰਧਕ ਦੀ ਜੰਮ ਕੇ ਤਾਰੀਫ ਕੀਤੀ। ਮੁੱਖ ਮੰਤਰੀ ਪਹਿਲਾਂ ਸਕੂਲ ਪ੍ਰਿੰਸੀਪਲ ਦੇ ਕਮਰੇ ਵਿਚ ਗਏ ਅਤੇ ਅਧਿਆਪਕਾਂ ਦੀ ਹਾਜ਼ਰੀ ਵਾਲਾ ਰਜਿਸਟਰ ਚੈੱਕ ਕੀਤਾ। ਉਨ੍ਹਾਂ ਸਕੂਲ ਦੇ ਵਿਜ਼ੀਟਰ ਰਜਿਸਟਰ ’ਤੇ ਸਾਈਨ ਕੀਤੇ ਅਤੇ ਲਿਖਿਆ ਵਿੱਦਿਆ ਵਿਚਾਰੀ ਪਰਉੱਪਕਾਰੀ।
ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨਾਲ ਤਸਵੀਰਾਂ ਵੀ ਖਿਚਵਾਈਆਂ। ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪੰਜਾਬ ਵਿਚ ਸਿੱਖਿਆ ਦਾ ਮੁੱਦਾ ਕਾਫੀ ਸੁਰਖੀਆਂ ਵਿਚ ਹੈ। ਆਮ ਆਦਮੀ ਪਾਰਟੀ ਵਲੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ’ਤੇ ਸਵਾਲ ਚੁੱਕੇ ਜਾ ਰਹੇ ਹਨ। ਜਿਸ ਦੇ ਚੱਲਦੇ ਕੁੱਝ ਦਿਨ ਪਹਿਲਾਂ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੇ ਦੇ ਹਲਕੇ ਦੇ ਸਰਕਾਰੀ ਸਕੂਲ ਵਿਚ ਅਚਨਚੇਤ ਪਹੁੰਚ ਕੇ ਚੈਕਿੰਗ ਕੀਤੀ ਸੀ। ਇਸ ਮੌਕੇ ਸਿਸੋਦੀਆ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਹਲਕੇ ਦੇ ਸਰਕਾਰੀ ਸਕੂਲ ਦਾ ਇੰਨਾ ਬੁਰਾ ਹਾਲ ਹੈ ਤਾਂ ਪੰਜਾਬ ਦੇ ਬਾਕੀ ਸਕੂਲਾਂ ਦੇ ਹਾਲ ਦਾ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ।