ਨਵੀਂ ਦਿੱਲੀ 6 ਦਸੰਬਰ (ਬਿਊਰੋ)- ਬਹਾਦਰਗੜ੍ਹ ਦੇ ਕਿਸਾਨ ਬਲਜੀਤ ਸਿੰਘ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ਲਈ ਆਪਣੇ ਨਿੱਜੀ ਟਿਊਬਵੈੱਲ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਕਿਸਾਨਾਂ ਵਾਸਤੇ ਚਾਲੂ ਕੀਤੀ ਹੋਈ ਹੈ ਤਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਭਾਜਪਾ ਆਗੂਆਂ ਦੇ ਇਸ਼ਾਰੇ ‘ਤੇ ਬਦਲਾ ਖੋਰੀ ਦੀ ਭਾਵਨਾ ਨਾਲ ਬਿਜਲੀ ਚੋਰੀ ਦਾ ਕੇਸ ਪਾ ਕੇ 44000 ਰੁਪਏ ਦੇ ਕਰੀਬ ਜੁਰਮਾਨਾ ਪਾ ਦਿੱਤਾ । ਜੁਰਮਾਨੇ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ (ਏਕਤਾ ਉਗਰਾਹਾਂ) ਦੇ ਆਗੂਆਂ ਦਾ ਵਫ਼ਦ ਪਿਛਲੇ ਚਾਰ ਮਹੀਨਿਆਂ ਤੋਂ ਬਿਜਲੀ ਅਧਿਕਾਰੀਆਂ, ਐਸਡੀਐਮ ਅਤੇ ਡੀ ਸੀ ਨੂੰ ਕਈ ਵਾਰ ਮਿਲ ਚੁੱਕੇ ਸਨ। ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਤਾਂ ਅੱਜ ਮਜਬੂਰ ਹੋਏ ਕਿਸਾਨਾਂ ਨੇ ਐਸਡੀਐਮ ਬਹਾਦਰਗਡ਼੍ਹ ਦਾ ਦਫ਼ਤਰ ਘੇਰ ਲਿਆ । ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਐੱਸਡੀਐਮ ਬਹਾਦਰਗਡ਼੍ਹ ਨੇ ਇੱਕ ਘੰਟੇ ਦੇ ਅੰਦਰ ਅੰਦਰ ਕਿਸਾਨਾਂ ਦੇ ਧਰਨੇ ਵਿਚ ਆ ਕੇ ਕਿਸਾਨ ਬਲਜੀਤ ਸਿੰਘ ਤੇ ਪਾਏ ਹੋਏ ਜੁਰਮਾਨੇ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ।
ਇਸ ਤੋਂ ਬਾਅਦ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਸਾਰੀ ਘਟਨਾ ਦੀ ਪਕੌੜਾ ਚੌਕ ਦੀ ਸਟੇਜ ਤੋਂ ਜਾਣਕਾਰੀ ਸਾਂਝੀ ਕੀਤੀ ਤਾਂ ਰੋਹ ਵਿੱਚ ਆਏ ਕਿਸਾਨਾਂ ਨੇ ਜਿੱਤ ਦੀ ਖੁਸ਼ੀ ਚ ਰੋਹ ਭਰਪੂਰ ਨਾਹਿਰਆਂ ਨਾਲ ਅਕਾਸ਼ ਗੂੰਜਣ ਲਾ ਦਿਤਾ। ਸੰਗਰੂਰ ਜਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਮੋਗਾ ਜ਼ਿਲ੍ਹੇ ਦੀ ਔਰਤ ਆਗੂ ਕੁਲਦੀਪ ਕੌਰ ਕੁੱਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਲੰਮੇ ਸੰਘਰਸ਼ ਨੇ ਕੇਂਦਰ ਦੀ ਹੰਕਾਰੀ ਹਕੂਮਤ ਨੂੰ ਵੀ ਆਪਣੇ ਸ਼ਾਂਤਮਈ ਅਤੇ ਦ੍ਰਿੜ੍ਹ ਇਰਾਦਿਆਂ ਨਾਲ ਲੜੇ ਸੰਘਰਸ਼ ਸਦਕਾ ਗੋਡਣੀਆਂ ਭਾਰ ਕੀਤਾ ਹੈ । ਖੇਤੀ ਕਾਨੂੰਨ ਰੱਦ ਕਰਨ ਦੇ ਨਾਲ ਨਾਲ ਦਿੱਲੀ ਮੋਰਚੇ ਦੌਰਾਨ ਰਹਿੰਦੀਆਂ ਮੰਗਾਂ ਵੀ ਮੰਨਣ ਲਈ ਮਜਬੂਰ ਕਰਨ ਦਾ ਤਹੱਈਆ ਕੀਤਾ ਹੈ ਅਤੇ ਇੱਕਮੁੱਠ ਸੰਘਰਸ਼ ਲਗਾਤਾਰ ਅੱਗੇ ਵਧ ਰਿਹਾ ਹੈ। ਅੱਜ ਸਟੇਜ ਸਕੱਤਰ ਦੀ ਭੂਮਿਕਾ ਬਠਿੰਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਨੇ ਨਿਭਾਈ ਅਤੇ ਗੁਰਦੇਵ ਸਿੰਘ ਕਿਸ਼ਨਪੁਰਾ ਤੇ ਮੋਠੂ ਸਿੰਘ ਕੋਟੜਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।