ਲੋਕ ਸਭਾ ’ਚ ਉਠਿਆ ਨਾਗਾਲੈਂਡ ਗੋਲੀਬਾਰੀ ਦਾ ਮੁੱਦਾ, ਸਰਕਾਰ ਬੋਲੀ- ਗ੍ਰਹਿ ਮੰਤਰੀ ਦੇਣਗੇ ਬਿਆਨ

lok sabha/nawanpunjab.com

ਨਵੀਂ ਦਿੱਲੀ, 6 ਦਸੰਬਰ (ਬਿਊਰੋ)- ਕਾਂਗਰਸ ਸਮੇਤ ਕੁਝ ਹੋਰ ਵਿਰੋਧੀ ਧਿਰਾਂ ਨੇ ਨਾਗਾਲੈਂਡ ’ਚ ਸੁਰੱਖਿਆ ਫੋਰਸ ਦੀ ਗੋਲੀਬਾਰੀ ’ਚ ਘੱਟੋ-ਘੱਟ 14 ਲੋਕਾਂ ਦੇ ਮਾਰੇ ਜਾਣ ਦਾ ਮੁੱਦਾ ਸੋਮਵਾਰ ਨੂੰ ਲੋਕ ਸਭਾ ’ਚ ਚੁੱਕਿਆ। ਇਸ ’ਤੇ ਸਰਕਾਰ ਨੇ ਕਿਹਾ ਕਿ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਸਦਨ ਵਿਚ ਇਸ ਮੁੱਦੇ ’ਤੇ ਵਿਸਥਾਰਪੂਰਵਕ ਬਿਆਨ ਦੇਣਗੇ। ਦਰਅਸਲ ਪ੍ਰਸ਼ਨਕਾਲ ਸ਼ੁਰੂ ਹੁੰਦੇ ਹੀ ਲੋਕ ਸਭਾ ਵਿਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਨਾਗਾਲੈਂਡ ’ਚ ਗੋਲੀਬਾਰੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਨਾਗਾਲੈਂਡ ਵਿਚ ਜੋ ਘਟਨਾ ਵਾਪਰੀ, ਉਹ ਦੁਖ਼ਦ ਅਤੇ ਸ਼ਰਮਨਾਕ ਹੈ। ਚੌਧਰੀ ਨੇ ਸਵਾਲ ਕੀਤਾ ਕਿ ਨਾਗਾਲੈਂਡ ’ਚ ਸ਼ਾਂਤੀ ਬਹਾਲੀ ਨੂੰ ਲੈ ਕੇ ਦਾਅਵੇ ਕੀਤੇ ਗਏ ਸਨ, ਉਨ੍ਹਾਂ ਦਾ ਕੀ ਹੋਇਆ? ਬੇਕਸੂਰ ਲੋਕਾਂ ਦੀ ਜਾਨ ਗਈ ਹੈ। ਇਹ ਮੁੱਦਾ ਸਦਨ ਵਿਚ ਆਉਣਾ ਚਾਹੀਦਾ ਹੈ। ਇਸ ਦੀ ਗੰਭੀਰਤਾ ਨੂੰ ਵੇਖਦੇ ਹੋਏ ਗ੍ਰਹਿ ਮੰਤਰੀ ਨਾਲ ਰੱਖਿਆ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ।

ਇਸ ਮੁੱਦੇ ’ਤੇ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਇਹ ਬਹੁਤ ਸੰਵੇਦਨਸ਼ੀਲ ਵਿਸ਼ਾ ਹੈ। ਗ੍ਰਹਿ ਮੰਤਰੀ ਸਦਨ ਆ ਕੇ ਇਸ ’ਤੇ ਵਿਸਥਾਰਪੂਰਵਕ ਬਿਆਨ ਦੇਣਗੇ। ਓਧਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਗ੍ਰਹਿ ਮੰਤਰੀ ਜੀ ਨੇ ਲਿਖ ਕੇ ਦਿੱਤਾ ਹੈ। ਉਹ ਸਦਨ ਵਿਚ ਆ ਕੇ ਇਸ ਮੁੱਦੇ ’ਤੇ ਬਿਆਨ ਦੇਣਗੇ। ਪ੍ਰਸ਼ਨਕਾਲ ਚੱਲਣਾ ਚਾਹੀਦਾ ਹੈ। ਪ੍ਰਸ਼ਨਕਾਲ ਚੱਲਣ ਦੀ ਚੰਗੀ ਪਰੰਪਰਾ ਸਦਨ ਵਿਚ ਬਣੀ ਰਹਿਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਨਾਗਾਲੈਂਡ ਸੂਬੇ ਦੇ ਮੋਨ ਜ਼ਿਲ੍ਹੇ ਵਿਚ ਸੁਰੱਖਿਆ ਫੋਰਸ ਦੀ ਗੋਲੀਬਾਰੀ ’ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਦਰਅਸਲ ਸੁਰੱਖਿਆ ਫੋਰਸ ਨੇ ਪਿੰਡ ਵਾਸੀਆਂ ਨੂੰ ਅੱਤਵਾਦੀ ਸਮਝ ਕੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ’ਚ 14 ਲੋਕਾਂ ਦੀ ਮੌਤ ਹੋ ਗਈ। ਓਧਰ ਪੁਲਸ ਮੁਤਾਬਕ ਉਹ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਕੀ ਇਹ ਗਲਤ ਪਹਿਚਾਣ ਦਾ ਮਾਮਲਾ ਹੈ। ਇਸ ਘਟਨਾ ਤੋਂ ਬਾਅਦ ਭੜਕੀ ਹਿੰਸਾ ਵਿਚ ਇਕ ਫ਼ੌਜੀ ਸ਼ਹੀਦ ਹੋ ਗਿਆ।

Leave a Reply

Your email address will not be published. Required fields are marked *