ਨਵੀਂ ਦਿੱਲੀ, 27 ਨਵੰਬਰ (ਦਲਜੀਤ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚਾ ਦਾ ਦਿੱਲੀ ਦੀਆਂ ਹੱਦਾਂ ’ਤੇ ਧਰਨਾ-ਪ੍ਰਦਰਸ਼ਨ ਜਾਰੀ ਹੈ। ਅੰਦੋਲਨ ਖ਼ਤਮ ਕਰ ਕੇ ਘਰ ਪਰਤਣ ਦੀ ਬਜਾਏ ਪ੍ਰਦਰਸ਼ਨਕਾਰੀ 29 ਨਵੰਬਰ ਨੂੰ ਦਿੱਲੀ ਕੂਚ ਦੀ ਜ਼ਿੱਦ ’ਤੇ ਅੜੇ ਹਨ। ਖੇਤੀ ਕਾਨੂੰਨ ਵਿਰੋਧੀ ਪ੍ਰਦਰਸ਼ਨ ਦੇ ਇਕ ਸਾਲ ਪੂਰਾ ਹੋਣ ’ਤੇ ਸ਼ੁੱਕਰਵਾਰ ਨੂੰ ਸਿੰਘੂ, ਟਿਕਰੀ ਤੇ ਯੂਪੀ ਬਾਰਡਰ ’ਤੇ ਪ੍ਰਦਰਸ਼ਨਕਾਰੀਆਂ ਦਾ ਇਕੱਠ ਰਿਹਾ। ਪੁਲਿਸ ਨੇ ਅਹਿਤਿਆਤ ਵਜੋਂ ਸਖ਼ਤ ਪ੍ਰਬੰਧ ਕੀਤੇ ਹਨ।
ਸੰਯੁਕਤ ਕਿਸਾਨ ਮੋਰਚਾ ਦੇ ਦਿੱਲੀ ਕੂਚ ਦੇ ਐਲਾਨ ਨੂੰ ਦੇਖਦੇ ਹੋਏ ਪੂਰਬੀ ਦਿੱਲੀ ’ਚ ਗਾਜ਼ੀਪੁਰ ਬਾਰਡਰ, ਅਪਸਰਾ ਬਾਰਡਰ ਤੇ ਚਿੱਲਾ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। ਉਧਰ, ਅੰਮ੍ਰਿਤਸਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਬੈਨਰ ਹੇਠ ਲਗਪਗ 400 ਟਰੈਕਟਰ-ਟਰਾਲੀਆਂ ਦਾ ਜਥਾ ਸਿੰਘੂ ਬਾਰਡਰ ਪੁੱਜਾ। ਸਿੰਘੂ ਪਿੰਡ ਨੇਡ਼ੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।