ਸੁਖਬੀਰ ਬਾਦਲ ਦਾ CM ਚੰਨੀ ‘ਤੇ ਵੱਡਾ ਹਮਲਾ, ਕਿਹਾ ‘ਮੁੰਡਾ ਚਲਾਉਂਦਾ ਕਰੋੜਾਂ ਦੀ ਗੱਡੀ ਤੇ ਖ਼ੁਦ ਲੈਂਦਾ ਰੇਤੇ ਦਾ ਪੈਸਾ’

badal/nawanpunjab.com

ਨਵਾਂ ਸ਼ਹਿਰ,16 ਨਵੰਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਾਂ ਸ਼ਹਿਰ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚੰਨੀ ਅਤੇ ਇਥੋਂ ਦੇ ਕਾਂਗਰਸੀ ਐੱਮ.ਐੱਲ.ਏ ’ਤੇ ਵੱਡਾ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਸੁਖਬੀਰ ਨੇ ਮੁੱਖ ਮੰਤਰੀ ਚੰਨੀ ਦੇ ਮੁੰਡੇ ਨੂੰ ਵੀ ਆਪਣੇ ਲਪੇਟੇ ’ਚ ਲੈ ਲਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਜਿਥੇ ਜਾਂਦਾ, ਉਥੇ ਇਹੀ ਕਹਿੰਦਾ ਹੈ ਕਿ ਉਹ ਆਮ ਆਦਮੀ ਹੈ। ਉਨ੍ਹਾਂ ਨੇ ਚੰਨੀ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਲੋਕਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਕੀ ਕੌਣ ਆਮ ਆਦਮੀ ਹੈ ਜਾਂ ਨਹੀਂ। ਇਸ ਦੀ ਪਛਾਣ ਲੋਕ ਆਪ ਹੀ ਕਰ ਲੈਂਦੇ ਹਨ। ਚੰਨੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜਾ ਵਿਅਕਤੀ ਆਮ ਆਦਮੀ ਹੁੰਦਾ ਹੈ, ਉਸ ਦਾ ਪੁੱਤਰ 3 ਕਰੋੜ ਰੁਪਏ ਦੀ ਗੱਡੀ ਨਹੀਂ ਚਲਾ ਸਕਦਾ। ਸੁਖਬੀਰ ਬਾਦਲ ਨੇ ਕਿਹਾ ਕਿ ਨਵਾਂ ਸ਼ਹਿਰ ਹਲਕੇ ’ਚ ਕਾਂਗਰਸ ਦਾ ਗੁੰਡਾ ਐੱਮ.ਐੱਲ. ਏ ਰਹਿੰਦਾ ਹੈ, ਜੋ ਪੰਜਾਬ ਦਾ ਸਭ ਤੋਂ ਵੱਡਾ ਰੇਤ ਮਾਫਿਆ ਅਤੇ ਸ਼ਰਾਬ ਮਾਫ਼ਿਆ ਹੈ। ਇਸ ਕਾਂਗਰਸੀ ਵਿਧਾਇਕ ਨੇ ਬਹੁਤ ਸਾਰੇ ਗੁੰਡੇ ਪਾਲੇ ਹੋਏ ਹਨ, ਜੋ ਲੋਕਾਂ ਨਾਲ ਧੱਕੇ ਅਤੇ ਕਬਜ਼ੇ ਕਰਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਇਥੋ ਦਾ ਐੱਮ.ਐੱਲ. ਏ ਇਹ ਸੋਚਦਾ ਹੋਣਾ ਕਿ ਮੈਂ ਹਮੇਸ਼ਾ ਲਈ ਇਥੋਂ ਦਾ ਵਿਧਾਇਕ ਰਹਾਂਗਾ ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸ ਨੂੰ ਵਿਧਾਇਕ ਬਣਾਉਣ ਵਾਲੇ ਵੀ ਲੋਕ ਹਨ ਅਤੇ ਹੇਠਾਂ ਉਤਾਰਨ ਵਾਲੇ ਵੀ ਲੋਕ ਹਨ। ਰੇਤ ਮਾਫ਼ੀਆ ਦਾ ਜੋ ਵੀ ਪੈਸਾ ਹੁੰਦਾ ਹੈ, ਉਹ ਮੁੱਖ ਮੰਤਰੀ ਚੰਨੀ ਲੈਂਦਾ ਹੈ। ‘

ਸੁਖਬੀਰ ਬਾਦਲ ਨੇ ਕਿਹਾ ਕਿ ਇਥੋ ਦੇ ਐੱਮ.ਐੱਲ.ਏ ਵਲੋਂ ਮੁਲਾਜ਼ਮਾਂ ਅਤੇ ਵਰਕਰਾਂ ਨਾਲ ਬਹੁਤ ਸਾਰੇ ਧੱਕੇ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਪਰਚੇ ਦਰਜ ਕਰਵਾਏ ਹਨ, ਜਿਸ ਦਾ ਬਦਲਾ ਉਹ ਆਪਣੀ ਸਰਕਾਰ ਬਣਨ ’ਤੇ ਲੈਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ 5 ਸਾਲਾਂ ’ਚ ਕੁਝ ਨਹੀਂ ਕੀਤਾ। ਇਸ ਸਰਕਾਰ ਨੇ ਗੁਟਕਾ ਸਾਹਿਬ ਦੀ ਝੂਠੀ ਸੋਹ ਖਾਂ ਕੇ ਲੋਕਾਂ ਨਾਲ ਵਾਅਦੇ ਕੀਤੇ, ਜੋ ਸਰਕਾਰ ਨੇ ਅਜੇ ਤੱਕ ਪੂਰੇ ਨਹੀਂ ਕੀਤੇ। ਇਹ ਸਰਕਾਰ ਹੁਣ ਫਿਰ ਪੰਜਾਬ ’ਚ ਵਾਪਸ ਆਉਣ ਦੀਆਂ ਯੋਜਨਾਵਾਂ ਬਣਾ ਰਹੀ ਹੈ। ਸਰਕਾਰ ਨੇ ਕੈਪਟਨ ਨੂੰ ਪਾਸੇ ਕਰਕੇ ਪੰਜਾਬ ਦਾ ਮੁੱਖ ਮੰਤਰੀ ਹੀ ਬਦਲ ਦਿੱਤਾ ਤਾਂਕਿ ਸਾਰਾ ਦੋਸ਼ ਕੈਪਟਨ ’ਤੇ ਲੱਗ ਸਕੇ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਆਪਣੀ ਸਰਕਾਰ ਬਣਾਉਣ ਲਈ ਝੂਠ ’ਤੇ ਝੂਠ ਬੋਲ ਰਿਹਾ ਹੈ। ਲੋਕਾਂ ਨੂੰ ਹਰ ਰੋਜ਼ ਨਵਾਂ ਵਾਅਦਾ ਕਰ ਰਿਹਾ ਹੈ। ਸੁਖਬੀਰ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਜੋ ਨਵੇਂ ਐਲਾਨ ਕੀਤੇ ਗਏ ਹਨ, ਉਹ ਸਿਰਫ਼ 31 ਮਾਰਚ ਤੱਕ ਲਾਗੂ ਹਨ। ਕਾਂਗਰਸ ਸਰਕਾਰ ਦੀ ਸੋਚ ਠੱਗੀ ਮਾਰਨ ਦੀ ਹੈ।

Leave a Reply

Your email address will not be published. Required fields are marked *