ਵੱਡੀ ਖ਼ਬਰ: 17 ਨਵੰਬਰ ਤੋਂ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ, ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਹੋਣਗੀਆਂ ਨਤਮਸਤਕ

kartarpur/nawanpunjab.com

ਨਵੀਂ ਦਿੱਲੀ, 16 ਨਵੰਬਰ (ਦਲਜੀਤ ਸਿੰਘ)- ਸਿੱਖ ਸੰਗਤ ਲਈ ਵੱਡੀ ਖ਼ੁਸ਼ਖਬਰੀ ਹੈ। ਭਲਕੇ ਤੋਂ ਯਾਨੀ ਕਿ 17 ਨਵੰਬਰ ਤੋਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਤੋਂ ਖੁੱਲ੍ਹੇਗਾ। ਇਸ ਬਾਬਤ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਸਰਕਾਰ ਨੇ ਭਲਕੇ 17 ਨਵੰਬਰ ਤੋਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਤੋਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਡੇ ਸਿੱਖ ਭਾਈਚਾਰੇ ਪ੍ਰਤੀ ਮੋਦੀ ਸਰਕਾਰ ਦੀ ਅਪਾਰ ਸ਼ਰਧਾ ਨੂੰ ਦਰਸਾਉਂਦਾ ਹੈ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਨਾਲ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੂੰ ਫਾਇਦਾ ਹੋਵੇਗਾ।

ਇਕ ਹੋਰ ਟਵੀਟ ’ਚ ਅਮਿਤ ਸ਼ਾਹ ਨੇ ਲਿਖਿਆ ਕਿ ਦੇਸ਼ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਮੈਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰਤਾਰਪੁਰ ਸਾਹਿਬ ਲਾਂਘਾ ਮੁੜ ਤੋਂ ਖੋਲ੍ਹਣ ਦੇ ਫ਼ੈਸਲੇ ਨਾਲ ਪੂਰੇ ਦੇਸ਼ ਵਿਚ ਖੁਸ਼ੀ ਹੋਰ ਵਧੇਗੀ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਫੈਲਣ ਮਗਰੋਂ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਅਜੇ ਤੱਕ ਨਹੀਂ ਖੋਲ੍ਹਿਆ ਗਿਆ। ਸਿਆਸੀ ਪਾਰਟੀਆਂ ਦੇ ਲੀਡਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਾਂਘਾ ਖੋਲ੍ਹਣ ਦੀ ਬੇਨਤੀ ਕੀਤੀ ਗਈ ਸੀ।

ਦੱਸ ਦੇਈਏ ਕਿ 9 ਨਵੰਬਰ 2019 ਨੂੰ ਲੱਖਾਂ ਸੰਗਤਾਂ ਦੀਆਂ ਅਰਦਾਸਾਂ ਸਦਕਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਗਿਆ ਸੀ। ਜਿਸ ਤੋਂ ਬਾਅਦ ਸੰਗਤ ਨੇ ਦਰਸ਼ਨਾਂ ਲਈ ਜਾਣਾ ਸ਼ੁਰੂ ਕੀਤਾ ਸੀ। ਦੁਨੀਆ ਭਰ ’ਚ ਫੈਲੀ ਕੋਰੋਨਾ ਮਹਾਮਾਰੀ ਕਾਰਨ 15 ਮਾਰਚ 2020 ਨੂੰ ਲਾਂਘਾ ਬੰਦ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *