ਸੁਲਤਾਨਪੁਰ ਲੋਧੀ, 15 ਨਵੰਬਰ (ਦਲਜੀਤ ਸਿੰਘ)- ਗੁਰਪੁਰਬ ਮੌਕੇ ਪੈਦਲ ਨਗਰ ਕੀਰਤਨ ਨਾਲ ਸੰਗਤ ਦਾ ਭਰਿਆ ‘ਛੋਟਾ ਹਾਥੀ’ ਵਾਪਸੀ ਸਮੇਂ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ ’ਤੇ ਬੇਕਾਬੂ ਹੋ ਕੇ ਖੰਭੇ ’ਚ ਵੱਜ ਕੇ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਟੈਂਪੂ ’ਚ ਸਵਾਰ 11 ਹੋਰ ਬੱਚੇ, ਮਹਿਲਾਵਾਂ, ਬਜ਼ੁਰਗ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ’ਚੋਂ 3 ਦੀ ਹਾਲਤ ਗੰਭੀਰ ਹੋਣ ’ਤੇ ਉਸ ਵੇਲੇ ਹੀ ਕਪੂਰਥਲਾ ਲਈ ਰੈਫਰ ਕਰ ਦਿੱਤਾ ਗਿਆ ਅਤੇ ਬਾਕੀ ਕੁਝ ਨੂੰ ਮੈਡੀਕਲ ਫਸਟ ਏਡ ਦੇ ਕੇ ਵਾਪਸ ਭੇਜ ਦਿੱਤਾ ਅਤੇ ਇਕ ਔਰਤ ਅਤੇ ਇਕ ਬਜ਼ੁਰਗ ਸਿਵਲ ਹਸਪਤਾਲ ਜ਼ੇਰੇ ਇਲਾਜ ਹਨ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਐੱਸ. ਐੱਚ. ਓ. ਹਰਜੀਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਤੁਰੰਤ ਜ਼ਖਮੀਆਂ ਨੂੰ ਸਿਵਲ ਹਸਪਤਾਲ ਪੁਚਾਉਣ ਦਾ ਪ੍ਰਬੰਧ ਕੀਤਾ। ਐੱਸ. ਐੱਚ. ਓ. ਨੇ ਦੱਸਿਆ ਕਿ ਅੰਮ੍ਰਿਤਸਰ ਚੁੰਗੀ ਦੇ ਨੇੜੇ ਰਹਿਣ ਵਾਲੀਆਂ ਸੰਗਤਾਂ ਦਾ ਜਥਾ ਇਕ ਛੋਟੇ ਹਾਥੀ ਰਾਹੀਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਵਾਇਆ ਫੱਤੂਢੀਂਗਾ-ਕਪੂਰਥਲਾ ਨੂੰ ਆ ਰਿਹਾ ਸੀ ਤਾਂ ਸੁਲਤਾਨਪੁਰ ਲੋਧੀ-ਤਲਵੰਡੀ ਰੋਡ ’ਤੇ ਅਕਾਲ ਅਕੈਡਮੀ ਸਕੂਲ ਦੇ ਸਾਹਮਣੇ ਕਿਸੇ ਨੂੰ ਬਚਾਉਣ ਵਾਸਤੇ ਓਵਰਟੇਕ ਕਰ ਦੇ ਹੋਏ ਟੈਂਪੂ ਬੇਕਾਬੂ ਹੋ ਗਿਆ ਅਤੇ ਬਿਜਲੀ ਦੇ ਖੰਭੇ ’ਚ ਜਾ ਵੱਜਾ। ਜਿਸ ਤੋਂ ਬਾਅਦ ਟੈਂਪੂ ਪਲਟ ਗਿਆ।
ਘਟਨਾ ਦੀ ਸਭ ਤੋਂ ਪਹਿਲਾਂ ਖਬਰ ਜ਼ਖਮੀਆਂ ’ਚੋਂ ਇਕ ਵਿਅਕਤੀ ਨੇ ਐੱਸ. ਜੀ. ਪੀ. ਸੀ. ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ ਨੂੰ ਦੱਸੀ, ਜੋ ਤੁਰੰਤ ਆਪਣੇ ਨਾਲ ਜਥੇ. ਗੁਰਦਿਆਲ ਸਿੰਘ ਖਾਲਸਾ ਨਾਲ ਗੁਰਦੁਆਰਾ ਬੇਰ ਸਾਹਿਬ ਤੋਂ ਤੁਰੰਤ ਸਿਵਲ ਹਸਪਤਾਲ ਪਹੁੰਚੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਨੂੰ ਤੁਰੰਤ ਮੈਡੀਕਲ ਸੁਵਿਧਾ ਉਪਲੱਬਧ ਕਰਵਾਈ।
ਘਟਨਾ ਦੀ ਖ਼ਬਰ ਮਿਲਦਿਆਂ ਐੱਸ. ਐੱਮ. ਓ. ਰਵਿੰਦਰ ਸ਼ੁਭ ਸਮੇਤ ਸਮੂਹ ਡਾਕਟਰਾਂ ਦੀ ਟੀਮ ਐਮਰਜੈਂਸੀ ’ਚ ਤੁਰੰਤ ਸਿਵਲ ਹਸਪਤਾਲ ਪੁੱਜੀ ਤੇ ਜ਼ਖ਼ਮੀਆਂ ਦੇ ਇਲਾਜ ਦਾ ਖ਼ੁਦ ਜਾਇਜ਼ਾ ਲਿਆ। ਐੱਸ. ਐੱਚ. ਓ. ਹਰਜੀਤ ਸਿੰਘ ਨੇ ਦੱਸਿਆ ਕਿ ਛੋਟੇ ਹਾਥੀ, ਜਿਸ ਨੂੰ ਡਰਾਈਵਰ ਮਲਕੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕਪੂਰਥਲਾ ਚਲਾ ਰਿਹਾ ਸੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਤੇ ਬਾਕੀ ਜ਼ਖਮੀਆਂ ’ਚ ਜਸਮੀਤ ਕੌਰ ਪਤਨੀ ਕਮਲਜੀਤ ਸਿੰਘ, ਦਵਿੰਦਰ ਕੌਰ ਪਤਨੀ ਸੁਰਜੀਤ ਸਿੰਘ, ਕੀਰਤ ਸਿੰਘ ਪੁੱਤਰ ਕਰਮਜੀਤ ਸਿੰਘ, ਰਜਵੰਤ ਕੌਰ ਪਤਨੀ ਮਲਕੀਤ ਸਿੰਘ, ਦਰਸ਼ਨ ਸਿੰਘ, ਜਗੀਰ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਖਾਲੂ ਨਜ਼ਦੀਕ ਆਰ. ਸੀ. ਐੱਫ., ਗੁਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ, ਸੁਖਵਿੰਦਰ ਕੌਰ ਪਤਨੀ ਜਸਪਾਲ ਸਿੰਘ, ਜਸਵੰਤ ਕੌਰ ਪਤਨੀ ਸਵਰਨ ਸਿੰਘ ਬਾਕੀ ਸਾਰੇ ਵਾਸੀ ਅੰਮ੍ਰਿਤਸਰ ਚੁੰਗੀ ਕਪੂਰਥਲਾ ਦੇ ਰਹਿਣ ਵਾਲੇ ਹਨ। ਐੱਸ. ਐੱਮ. ਓ. ਰਵਿੰਦਰ ਸ਼ੁਭ ਨੇ ਦੱਸਿਆ ਕਿ ਕੁਝ ਮਰੀਜ਼ਾਂ ਦੇ ਸਿਰ ’ਤੇ ਗੰਭੀਰ ਸੱਟਾਂ ਜਾਂ ਹੋਰ ਸੀਰੀਅਸ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ।
ਵਿਧਾਇਕ ਚੀਮਾ ਨੇ ਜ਼ਖਮੀਆਂ ਦਾ ਪੁੱਛਿਆ ਹਾਲ-ਚਾਲ
ਹਾਦਸੇ ਦੀ ਖ਼ਬਰ ਮਿਲਦਿਆਂ ਵਿਧਾਇਕ ਚੀਮਾ ਵੀ ਤੁਰੰਤ ਸਿਵਲ ਹਸਪਤਾਲ ਪੁੱਜੇ ਤੇ ਉਨ੍ਹਾਂ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਐੱਸ. ਐੱਮ. ਓ. ਡਾ. ਸ਼ੁੱਭ ਤੋਂ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਤੇ ਕਿਹਾ ਕਿ ਹਰੇਕ ਜ਼ਖਮੀ ਵਿਅਕਤੀ ਦਾ ਫ੍ਰੀ ਇਲਾਜ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਗੰਭੀਰ ਸਨ, ਉਨ੍ਹਾਂ ’ਚੋਂ ਕੁਝ ਦੇ ਪਰਿਵਾਰਕ ਮੈਂਬਰ ਆਪਣੀ ਮਰਜ਼ੀ ਨਾਲ ਕਪੂਰਥਲਾ ਲੈ ਕੇ ਗਏ ਹਨ ਤੇ ਕੁਝ ਦਾ ਇਲਾਜ ਚੱਲ ਰਿਹਾ ਹੈ। ਡਰਾਈਵਰ ਦੀ ਮੌਤ ਤੋਂ ਇਲਾਵਾ ਬਾਕੀ ਸਾਰੇ ਠੀਕ ਹਨ।