ਲੁਧਿਆਣਾ, 13 ਨਵੰਬਰ (ਦਲਜੀਤ ਸਿੰਘ)- ਜੁਡੀਸ਼ੀਅਲ ਮੈਜਿਸਟ੍ਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਨੇ ਆਤਮ ਨਗਰ ਵਿਧਾਨ ਸਭਾ ਇਲਾਕੇ ਦੇ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਹੋਰਨਾਂ ਦੋਸ਼ੀਆਂ ਲਈ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਲੁਧਿਆਣਾ ਪੁਲਸ ਨੇ ਬੀਤੀ 10 ਨਵੰਬਰ ਨੂੰ ਸਿਮਰਜੀਤ ਸਿੰਘ ਬੈਂਸ ਅਤੇ ਹੋਰਨਾਂ ਖ਼ਿਲਾਫ਼ ਜਬਰ-ਜ਼ਿਨਾਹ ਦੇ ਦੋਸ਼ਾਂ ਤਹਿਤ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਸ ’ਤੇ ਅਦਾਲਤ ਨੇ 18 ਨਵੰਬਰ ਲਈ ਵਿਧਾਇਕ ਅਤੇ ਹੋਰਨਾਂ ਦੀ ਅਦਾਲਤ ’ਚ ਹਾਜ਼ਰੀ ਯਕੀਨੀ ਬਣਾਉਣ ਲਈ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਵਿਧਵਾ ਔਰਤ ਦੀ ਸ਼ਿਕਾਇਤ ’ਤੇ ਉਸ ਨਾਲ ਜਬਰ-ਜ਼ਿਨਾਹ ਕੀਤੇ ਜਾਣ ਅਤੇ ਹੋਰਨਾਂ ਧਾਰਾਵਾਂ ਤਹਿਤ ਕੀਤੀ ਗਈ ਸ਼ਿਕਾਇਤ ਕਾਰਨ ਪੁਲਸ ਥਾਣਾ ਡਵੀਜ਼ਨ ਨੰਬਰ-6 ਵੱਲੋਂ ਵਿਧਾਇਕ ਬੈਂਸ ਅਤੇ ਹੋਰਨਾਂ ਖ਼ਿਲਾਫ਼ ਪਰਚਾ ਦਰਜ ਕੀਤਾ ਸੀ, ਜੋ ਕਿ ਅਦਾਲਤ ਦੇ ਹੁਕਮਾਂ ’ਤੇ ਹੀ ਦਰਜ ਕੀਤਾ ਗਿਆ ਸੀ। ਪੀੜਤ ਵਿਧਵਾ ਨੇ ਅਦਾਲਤ ਤੋਂ ਪੁਲਸ ਨੂੰ ਵਿਧਾਇਕ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਦੇਣ ਦੀ ਮੰਗ ਕਰ ਕੇ ਪਟੀਸ਼ਨ ਦਾਇਰ ਕੀਤੀ ਸੀ।
ਜਨਾਨੀ ਨੇ ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ਼ ਭਾਬੀ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ਼ ਪੰਮਾ, ਲੁਧਿਆਣਾ ਦੇ ਗੋਗੀ ਸ਼ਰਮਾ ਖ਼ਿਲਾਫ਼ ਵੀ ਐੱਫ. ਆਈ. ਆਰ. ਦਰਜ ਕਰਨ ਦੀ ਗੁਹਾਰ ਲਗਾਈ ਸੀ, ਜਿਨ੍ਹਾਂ ਖ਼ਿਲਾਫ਼ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ।