ਬਠਿੰਡਾ, 8 ਨਵੰਬਰ (ਬਿਊਰੋ)- ਅੱਜ ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਸੰਸਦ ਸੁਖਬੀਰ ਬਾਦਲ ਨੇ ਕਿਸਾਨਾਂ ਨੂੰ ਡੀ. ਏ. ਪੀ. ਖਾਦ ਦੀ ਕਿੱਲਤ ਤੇ ਹੋਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਚੰਨੀ ਸਰਕਾਰ ’ਤੇ ਸ਼ਬਦੀ ਹਮਲੇ ਕੀਤੇ ਹਨ। ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਇਕ ਵਾਰ ਵੀ ਉਨ੍ਹਾਂ ਨੇ ਕਿਸਾਨਾਂ ਨੂੰ ਡੀ. ਏ. ਪੀ. ਖਾਦ ਦੀ ਘਾਟ ਨਹੀਂ ਆਉਣ ਦਿੱਤੀ ਕਿਉਂਕਿ ਉਹ ਤਿੰਨ-ਚਾਰ ਮਹੀਨੇ ਪਹਿਲਾਂ ਹੀ ਇੰਤਜ਼ਾਮ ਕਰ ਲੈਂਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਕਦੋਂ ਕਣਕ ਬੀਜਣੀ ਹੈ ਤੇ ਕਦੋਂ ਝੋਨਾ ਬੀਜਣਾ ਹੈ, ਇਨ੍ਹਾਂ ਦੀ ਕਟਾਈ ਕਦੋਂ ਹੋਣੀ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੰਡੀਆਂ ’ਚ ਫ਼ਸਲਾਂ ਆਉਣ ਤੋਂ ਡੇਢ-ਦੋ ਮਹੀਨੇ ਪਹਿਲਾਂ ਹੀ ਸਾਰੇ ਇੰਤਜ਼ਾਮ ਮੁਕੰਮਲ ਹੁੰਦੇ ਸਨ ਕਿਉਂਕਿ ਉਹ ਮੁੱਖ ਮੰਤਰੀ ਤੁਹਾਡੇ ’ਚੋਂ ਨਿਕਲੇ ਸਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 24 ਘੰਟੇ ਹਾਜ਼ਰ ਰਹਿੰਦੇ ਸਨ ਪਰ ਇਸ ਕਾਂਗਰਸ ’ਚ ਕਿਸੇ ਨੂੰ ਕਿਸੇ ਦੀ ਪ੍ਰਵਾਹ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਮੁੱਖ ਮੰਤਰੀ ਚੰਨੀ ਨੂੰ ਫਿਕਰ ਹੈ ਤੇ ਨਾ ਕਿਸੇ ਹੋਰ ਨੂੰ। ਇਸ ਦੌਰਾਨ ਉਨ੍ਹਾਂ ਚੰਨੀ ਸਰਕਾਰ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੰਜ ਸਾਲ ਬੀਤ ਗਏ ਪਰ ਕਿਸੇ ਵੀ ਪਿੰਡ ’ਚ ਇਕ ਵੀ ਇੱਟ ਨਹੀਂ ਲੱਗੀ। ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨਾ ਹੀ ਕਿਸੇ ਪਿੰਡ ’ਚ ਕੋਈ ਰਸਤਾ ਪੱਕਾ ਤੇ ਨਾ ਹੀ ਕੋਈ ਖਾਲ ਹੀ ਪੱਕੀ ਕਰਵਾਈ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਮੁੱਖ ਮੰਤਰੀ ਸਨ ਤਾਂ ਚਰਨਜੀਤ ਸਿੰਘ ਚੰਨੀ ਨੇ ਜਵਾਬ ਦਿੱਤਾ ਸੀ ਕਿ ਪੈਚਵਰਕ ਕਰਵਾਏ ਪਰ ਹੁਣ ਤਕ ਪੈਚਵਰਕ ਦਾ ਜਵਾਬ ਵੀ ਨਹੀਂ ਦੇ ਸਕਦੇ।