ਮੰਡੀ ਕਿੱਲਿਆਂਵਾਲੀ, 29 ਮਾਰਚ (ਬਿਊਰੋ)- ਬਿਨਾਂ ਗਿਰਦਾਵਰੀ ਮੁਆਵਜ਼ੇ ਦਾ ਐਲਾਨ ਕਰਨ ਵਾਲੀ ‘ਆਪ’ ਸਰਕਾਰ ਖ਼ਿਲਾਫ਼ ਗੁਲਾਬੀ ਸੁੰਡੀ ਮਸਲੇ ‘ਤੇ ਪਹਿਲਾ ਸੰਘਰਸ਼ੀ ਅਖਾੜਾ ਲੰਬੀ ਦੀ ਸਰਜਮੀਂ ‘ਤੇ ਮਘਣ ਦਾ ਮੁੱਢ ਬੱਝਿਆ ਗਿਆ। ਬੀਤੀ ਰਾਤ ਭਾਰੀ ਗਿਣਤੀ ਪੁਲਿਸ ਅਮਲੇ ਨੇ ਮੁਆਵਜ਼ੇ ਲਈ ਸਬ ਤਹਿਸੀਲ ਲੰਬੀ ਦਾ ਘਿਰਾਓ ਕਰ ਬੈਠੇ ਡੇਢ ਮਰਦ-ਔਰਤ ਕਿਸਾਨਾਂ ‘ਤੇ ਅੰਨ੍ਹੇਵਾਹ ਲਾਠੀਚਾਰਜ ਕਰਕੇ ਦਫ਼ਤਰ ‘ਚ ਤਾੜੇ ਨਾਇਬ ਤਹਿਸੀਲਦਾਰ ਅਤੇ ਅਮਲੇ ਨੂੰ ਲਾਠੀਚਾਰਜ ਕਰਕੇ ਛੁਡਵਾ ਲਿਆ। ਪੁਲਿਸ ਵਲੋਂ ਤਿੱਖੇ ਲਾਠੀਚਾਰਜ ‘ਚ ਛੇ ਕਿਸਾਨ ਅਤੇ ਇਕ ਖੇਤ ਮਜ਼ਦੂਰ ਆਗੂ ਜ਼ਖ਼ਮੀ ਹੋਇਆ ਹੈ। ਜਿਨ੍ਹਾਂ ਨੂੰ ਸਰਕਾਰੀ ਸਿਹਤ ਕੇਂਦਰ ਲੰਬੀ ‘ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂਕਿ ਬਲਾਕ ਪ੍ਰਧਾਨ ਗੁਰਪਾਸ਼ ਸਮੇਤ ਦੋ ਦਰਜਨ ਕਿਸਾਨਾਂ ਦੇ ਹਲਕੀਆਂ ਸੱਟਾਂ ਹਨ। ਪੁਲਿਸ ‘ਤੇ ਔਰਤ ਕਿਸਾਨਾਂ ਦੇ ਵਾਲ ਦੇ ਫੜ ਕੇ ਡਾਂਗਾਂ ਵਰ੍ਹਾਉਣ ਦੇ ਦੋਸ਼ ਹਨ।
ਭਗਵੰਤ ਮਾਨ ਦੀ ਸਰਕਾਰ ਦਾ ਲੰਬੀ ‘ਚ ਕਿਸਾਨਾਂ ‘ਤੇ ਪਹਿਲਾ ਲਾਠੀਚਾਰਜ, 7 ਕਿਸਾਨ-ਮਜ਼ਦੂਰ ਆਗੂ ਜ਼ਖਮੀ
