ਪੰਜਾਬ ਟਰਾਂਸਪੋਰਟ ਵਿਭਾਗ ਨੇ ਬੱਸ ਸਵਾਰੀਆਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਸੂਬੇ ਦੇ ਆਵਾਜਾਈ ਖੇਤਰ ਵਿੱਚ ਵਧੇਰੇ ਕੁਸਲਤਾ ਲਿਆਉਣ ਦੇ ਉਦੇਸ ਨਾਲ ਅੱਜ ਟੈਕਸ ਚੋਰੀ, ਅਧੂਰੇ ਦਸਤਾਵੇਜਾਂ ਅਤੇ ਗੈਰ-ਕਾਨੂੰਨੀ ਪਰਮਿਟਾਂ ‘ਤੇ ਬੱਸਾਂ ਚਲਾਉਣ ਵਾਲੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵਿਰੁੱਧ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਠ ਜ਼ਿਲਿਆਂ ਵਿੱਚ 38 ਬੱਸਾਂ ਜ਼ਬਤ ਕੀਤੀਆਂ ਅਤੇ ਇੱਕ ਬੱਸ ਦਾ ਚਲਾਨ ਕੱਟਿਆ।
ਚੈਕਿੰਗ ਮੁਹਿੰਮ ਦੌਰਾਨ ਅੱਜ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਗੁਰਦਾਸਪੁਰ ਦੇ ਚੈਕਿੰਗ ਦਸਤੇ ਨੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 5 ਬੱਸਾਂ ਜਬਤ ਕੀਤੀਆਂ, ਜਿਨਾਂ ਵਿੱਚ ਨਿਊ ਦੀਪ ਬੱਸ ਸਰਵਿਸ, ਦਾਲਮ ਅਤੇ ਬਾਬਾ ਨੰਦ ਬੱਸ ਸਰਵਿਸ ਦੀ ਇੱਕ-ਇੱਕ ਬੱਸ ਅਤੇ ਰਾਜਧਾਨੀ ਬੱਸ ਸਰਵਿਸ ਦੀਆਂ ਦੋ ਬੱਸਾਂ ਸਾਮਲ ਹਨ ਜਦਕਿ ਆਰ.ਟੀ.ਏ. ਫ਼ਿਰੋਜ਼ਪੁਰ ਵੱਲੋਂ ਚਾਰ ਬੱਸਾਂ ਜ਼ਬਤ ਕੀਤੀਆਂ ਗਈਆਂ, ਜਿਨਾਂ ਵਿੱਚ ਨਿਊ ਬੱਸ ਸਰਵਿਸ ਦੀਆਂ ਦੋ ਬੱਸਾਂ ਅਤੇ ਰਾਜ ਬਸ ਸਰਵਿਸ ਤੇ ਟੂਰਿਸਟ ਬੱਸ ਦੀ ਇੱਕ-ਇੱਕ ਬੱਸ ਸ਼ਾਮਲ ਹੈ। ਇਸੇ ਤਰਾਂ, ਆਰ.ਟੀ.ਏ. ਐਸ.ਏ.ਐਸ. ਨਗਰ ਵੱਲੋਂ ਚਾਰ ਸੈਲਾਨੀ ਬੱਸਾਂ ਜ਼ਬਤ ਕੀਤੀਆਂ ਹਨ, ਜਿਨਾਂ ਵਿੱਚ ਦੋ ਬੱਸਾਂ ਅਸ਼ੋਕਾ ਟੂਰਿਸਟ ਕੰਪਨੀਆਂ ਅਤੇ ਇੱਕ-ਇੱਕ ਬੱਸ ਸਾਹਿਬਾ ਟੂਰਿਸਟ ਅਤੇ ਵੈਸ਼ਨੋ ਯਾਤਰਾ ਕੰਪਨੀ ਦੀ ਸ਼ਾਮਲ ਹੈ। ਆਰ.ਟੀ.ਏ. ਸੰਗਰੂਰ ਵੱਲੋਂ ਨਿਯਮਾਂ ਦੀ ਉਲੰਘਣਾ ਤਹਿਤ ਆਰਬਿਟ ਐਵੀਏਸ਼ਨ ਕੰਪਨੀ ਦੀ ਇੱਕ ਬੱਸ ਜ਼ਬਤ ਕੀਤੀ ਗਈ।