ਮੁੰਬਈ, 1 ਜੂਨ- ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ (ਕੇ. ਕੇ.) ਦਾ ਮੰਗਲਵਾਰ ਰਾਤ ਕੋਲਕਾਤਾ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਫਿਲਮ ਜਗਤ ਦੇ ਲੋਕਾਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਦੌੜ ਗਈ। ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਕ੍ਰਿਸ਼ਨ ਕੁਮਾਰ ਕੁਨਾਥ, ਜੋ ਕੇ.ਕੇ. ਦੇ ਨਾਂ ਨਾਲ ਮਸ਼ਹੂਰ ਸਨ। ਕੇ. ਕੇ. 53 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਕੇ.ਕੇ. ਨੇ ਆਪਣੇ ਕਰੀਅਰ ਵਿਚ ਕਈ ਹਿੱਟ ਗੀਤ ਦਿੱਤੇ। ਕੇ. ਕੇ. ਦੇ ਮਸ਼ਹੂਰ ਗੀਤਾਂ ਵਿਚ ‘ਯਾਰਾਂ’, ‘ਤੜਪ ਤੜਪ ਕੇ’, ‘ਬਸ ਏਕ ਪਲ’, ‘ਆਂਖੋਂ ਮੇ ਤੇਰੀ’, ‘ਕੋਈ ਕਹੇ’, ‘ਇਟਸ ਦਿ ਟਾਈਮ ਟੂ ਡਿਸਕੋ’ ਆਦਿ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕੋਲਕਾਤਾ ‘ਚ ‘ਨਜ਼ਰੂਲ ਮੰਚ’ ‘ਚ ਮੰਗਲਵਾਰ ਨੂੰ ਇਕ ਕਾਲਜ ਨੇ ਸਮਾਰੋਹ ਦਾ ਆਯੋਜਨ ਕੀਤਾ ਸੀ। ਕਰੀਬ ਇਕ ਘੰਟੇ ਤੱਕ ਪੇਸ਼ਕਾਰੀ ਦੇਣ ਮਗਰੋਂ ਜਦੋਂ ਕੇ.ਕੇ. ਆਪਣੇ ਹੋਟਲ ਵਾਪਸ ਪਰਤੇ ਤਾਂ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਈ ਅਤੇ ਅਚਾਨਕ ਬੇਹੋਸ਼ ਹੋ ਗਏ। ਗਾਇਕ ਨੂੰ ਦੱਖਣੀ ਕੋਲਕਾਤਾ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਰਾਤ 10 ਵਜੇ ਦੇ ਕਰੀਬ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਡਾਕਟਰਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਮੌਤ ਦਿਲ ਦੀ ਧੜਕਨ ਰੁਕਣ ਕਾਰਨ ਹੋਈ। ਓਧਰ ਕੋਲਕਾਤਾ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਦਾ ਪੋਸਟਮਾਰਟਮ ਕਰਾਇਆ ਜਾਵੇਗਾ, ਜਿਸ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਕੇ. ਕੇ. ਦੀ ਪਤਨੀ ਅਤੇ ਪੁੱਤਰ ਬੁੱਧਵਾਰ ਸਵੇਰੇ ਦਿੱਲੀ ਤੋਂ ਕੋਲਕਾਤਾ ਪਹੁੰਚਣਗੇ। ਕੇ. ਕੇ. ਦੀ ਮੌਤ ਦੀ ਖ਼ਬਰ ਨਾਲ ਫ਼ਿਲਮ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ’ਚ ਸੋਗ ਦੀ ਲਹਿਰ ਦੌੜ ਗਈ। ਤਮਾਮ ਸ਼ਖਸੀਅਤਾਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਜ਼ਾਹਰ ਕੀਤਾ।