ਟਾਂਡਾ ਉੜਮੁੜ, 18 ਅਕਤੂਬਰ (ਦਲਜੀਤ ਸਿੰਘ)- ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਟਾਂਡਾ ਦੇ ਤਿੰਨ ਵੱਖ-ਵੱਖ ਸਥਾਨਾਂ ‘ਤੇ ਕਿਸਾਨ ਜਥੇਬੰਦੀਆਂ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਇਹ ਅੰਦੋਲਨ ਰੇਲਵੇ ਸਟੇਸ਼ਨ ਟਾਂਡਾ, ਚੌਲਾਂਗ ਅਤੇ ਦਾਰਾਪੁਰ ਫਾਟਕ ਟਾਂਡਾ ‘ਤੇ ਹੋ ਰਿਹਾ ਹੈ ਅਤੇ ਜੋ ਸ਼ਾਮ 4 ਵਜੇ ਤੱਕ ਚੱਲੇਗਾ। ਇਨ੍ਹਾਂ ਅੰਦੋਲਨਾਂ ਲਈ ਵੱਡੀ ਗਿਣਤੀ ਵਿੱਚ ਕਿਸਾਨ ਰੇਲਵੇ ਟਰੈਕ ‘ਤੇ ਆਉਣੇ ਸ਼ੁਰੂ ਹੋ ਗਏ ਹਨ। ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਆਗੂਆਂ ਅਮਰਜੀਤ ਸਿੰਘ ਰੜਾ, ਦਿਲਬਾਗ ਸਿੰਘ, ਜੈ ਰਾਮ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਪ੍ਰਭਜੋਤ ਸਿੰਘ ਸੈਂਡੀ, ਹਰਨੇਕ ਸਿੰਘ, ਬਲਜੀਤ ਸਿੰਘ ਦੀ ਅਗਵਾਈ ਵਿੱਚ ਪ੍ਰਧਾਨ ਹਰਪਾਲ ਸਿੰਘ ਸੰਘਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਟਾਂਡਾ ਰੇਲਵੇ ਸਟੇਸ਼ਨ ‘ਤੇ ਸਵੇਰੇ 10 ਵਜੇ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ। ਇਸੇ ਤਰਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਾਰਾਪੁਰ ਫਾਟਕ ‘ਤੇ ਪਰਮਜੀਤ ਸਿੰਘ ਭੁੱਲਾ, ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ਵਿੱਚ ਧਰਨਾ ਲਾਇਆ ਗਿਆ।
ਉਧਰ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਚੌਲਾਂਗ ਟੋਲ ਪਲਾਜ਼ਾ ‘ਤੇ ਦਿੱਤੇ ਜਾ ਰਹੇ ਧਰਨੇ ਦੌਰਾਨ ਵੀ ਮੋਦੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹੇ ਬੈਠੇ ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਕਿਸਾਨਾਂ ਨੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਵਿੱਚ ਲਖੀਮਪੁਰ ਖੀਰੀ ਵਿੱਚ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਨੂੰ ਇਨਸਾਫ਼ ਦਿਵਾਉਣ ਲਈ ਚੌਲਾਂਗ ਰੇਲਵੇ ਸਟੇਸ਼ਨ ‘ਤੇ ਰੇਲ ਰੋਕੋ ਅੰਦੋਲਨ ਕਰਕੇ ਭਾਜਪਾ ਸਰਕਾਰ ਦੀਆਂ ਤਾਨਾਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਕਿਸਾਨ ਆਗੂਆਂ ਪ੍ਰਿਥਪਾਲ ਸਿੰਘ ਗੋਰਾਇਆ, ਸਤਪਾਲ ਸਿੰਘ, ਸਤਨਾਮ ਸਿੰਘ ਢਿੱਲੋਂ, ਹਰਭਜਨ ਸਿੰਘ ਰਾਪੁਰ, ਰਤਨ ਸਿੰਘ ਖੋਖਰ, ਗੁਰਦੇਵ ਸਿੰਘ, ਗੁਰਮਿੰਦਰ ਸਿੰਘ ਆਦਿ ਨੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਟਾਂਡਾ ਪੁਲਸ ਦੇ ਨਾਲ ਰੇਲਵੇ ਪੁਲਸ ਦੀਆਂ ਟੀਮਾਂ ਤਾਇਨਾਤ ਹਨ। ਡੀ. ਐੱਸ. ਪੀ. ਟਾਂਡਾ ਰਾਜ ਕੁਮਾਰ ਅਤੇ ਥਾਣਾ ਮੁਖੀ ਟਾਂਡਾ ਬਿਕਰਮ ਸਿੰਘ ਲਗਾਤਾਰ ਤਿੰਨਾਂ ਸਥਾਨਾਂ ‘ਤੇ ਜਾ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਵਿੱਚ ਲੱਗੇ ਹੋਏ ਹਨ।