ਹਰਿਆਣਾ,16 ਅਕਤੂਬਰ (ਦਲਜੀਤ ਸਿੰਘ)- ਸਿੰਘੂ ਸਰਹੱਦ ’ਤੇ ਨੌਜਵਾਨ ਦਾ ਕਤਲ ਕਰਨ ਵਾਲੇ ਮੁਲਜ਼ਮ ਨਿਹੰਗ ਸਰਬਜੀਤ ਸਿੰਘ ਨੂੰ ਅੱਜ ਯਾਨੀ ਸ਼ਨੀਵਾਰ ਨੂੰ ਸੋਨੀਪਤ ਕੋਰਟ ’ਚ ਪੇਸ਼ ਕੀਤਾ ਗਿਆ ਸੀ। ਜਿੱਥੇ ਸਰਬਜੀਤ ਨੂੰ 7 ਦਿਨਾਂ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕਤਲ ਦੀ ਪੂਰੀ ਜ਼ਿੰਮੇਵਾਰੀ ਨਿਹੰਗ ਸਰਬਜੀਤ ਸਿੰਘ ਨੇ ਲੈ ਲਈ ਸੀ ਅਤੇ ਆਤਮਸਮਰਪਣ ਕਰ ਦਿੱਤਾ ਸੀ। ਹਰਿਆਣਾ ਪੁਲਸ ਵਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਦਿੱਲੀ-ਹਰਿਆਣਾ ਸਰਹੱਦ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਨੇੜੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਧਾਤੂ ਦੀ ਤਾਰ ਨਾਲ ਬੰਨ੍ਹ ਕੇ ਬੈਰੀਕੇਡ ਨਾਲ ਟੰਗ ਦਿੱਤਾ ਗਿਆ ਸੀ। ਨਿਹੰਗ ਸਿੰਘਾਂ ਦੇ ਇਕ ਸਮੂਹ ਨੂੰ ਕਥਿਤ ਤੌਰ ‘ਤੇ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਕਲਿੱਪ ’ਚ ਕੁਝ ਨਿਹੰਗਾਂ ਨੂੰ ਖੂਨ ਨਾਲ ਲੱਥ-ਪੱਥ ਪਏ ਇਕ ਨੌਜਵਾਨ ਕੋਲ ਖੜ੍ਹੇ ਵੇਖਿਆ ਗਿਆ ਅਤੇ ਉਸ ਦਾ ਖੱਬਾ ਹੱਥ ਕੱਟਿਆ ਹੋਇਆ ਪਿਆ ਹੈ।