ਚੰਡੀਗੜ੍ਹ, 14 ਅਕਤੂਬਰ (ਦਲਜੀਤ ਸਿੰਘ)- ਕੇਂਦਰ ਸਰਕਾਰ ਵੱਲੋਂ ਪੰਜਾਬ ‘ਚ ਵਧਾਏ ਗਏ ਬੀ. ਐੱਸ. ਐੱਫ. ਦੇ ਅਧਿਕਾਰ ਖੇਤਰ ਨੂੰ ਲੈ ਕੇ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ ਲੀਡਰਸ਼ਿਪ ਵੱਲੋਂ ਗਵਰਨਰ ਹਾਊਸ ਨੇੜੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਚੰਡੀਗੜ੍ਹ ਪੁਲਸ ਵੱਲੋਂ ਬੈਰੀਕੇਡਿੰਗ ਲਾ ਕੇ ਉਨ੍ਹਾਂ ਨੂੰ ਰੋਕਿਆ ਗਿਆ। ਚੰਡੀਗੜ੍ਹ ਪੁਲਸ ਨੇ ਸੁਖਬੀਰ ਬਾਦਲ ਅਤੇ ਹੋਰ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਅਤੇ ਸੈਕਟਰ-3 ਦੇ ਥਾਣੇ ਲੈ ਗਈ। ਇੱਥੇ ਥਾਣੇ ਦੇ ਅੰਦਰ ਹੀ ਸੁਖਬੀਰ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਵੱਲੋਂ ਧਰਨਾ ਲਾ ਦਿੱਤਾ ਗਿਆ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ‘ਚ ਤਰੱਕੀ ਤਾਂ ਹੋਵੇਗੀ, ਜੇਕਰ ਸੂਬਿਆਂ ਕੋਲ ਅਧਿਕਾਰ ਹੋਣਗੇ। ਉਨ੍ਹਾਂ ਕਿਹਾ ਕਿ ਹਰ ਸੂਬੇ ਦੀ ਆਪੋ-ਆਪਣੀ ਮੁਸ਼ਕਲ ਹੈ ਅਤੇ ਇਸ ਬਾਰੇ ਕੇਂਦਰ ਸਰਕਾਰ ਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਧ ਅਧਿਕਾਰਾਂ ਦੀ ਲੜਾਈ ਲੜਦਾ ਰਿਹਾ ਹੈ। ਸੁਖਬੀਰ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਦੇ ਸਾਰੇ ਅਧਿਕਾਰ ਹੀ ਕੇਂਦਰ ਦੇ ਹਵਾਲੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸਬੰਧੀ ਜੋ ਵੀ ਕਾਨੂੰਨ ਬਣਦਾ ਹੈ, ਉਹ ਸੂਬੇ ਦੇ ਅਧਿਕਾਰ ਖੇਤਰ ‘ਚ ਆਉਂਦਾ ਹੈ ਪਰ ਜਿਸ ਕਮੇਟੀ ਵੱਲੋਂ ਇਹ ਕਾਨੂੰਨ ਲਾਗੂ ਕੀਤੇ ਗਏ, ਕੈਪਟਨ ਅਮਰਿੰਦਰ ਸਿੰਘ ਉਸ ਦੇ ਮੈਂਬਰ ਸਨ ਅਤੇ ਉਨ੍ਹਾਂ ਨੇ ਕੋਈ ਸਟੈਂਡ ਨਹੀਂ ਲਿਆ। ਸੁਖਬੀਰ ਨੇ ਕਿਹਾ ਕਿ ਲਾਅ ਅਤੇ ਆਰਡਰ ਸੂਬੇ ਦਾ ਅਧਿਕਾਰ ਹੈ।
ਉਨ੍ਹਾਂ ਕਿਹਾ ਕਿ ਅੱਜ ਤਾਂ ਕੇਂਦਰ ਨੇ ਸੂਬੇ ਅੰਦਰ ਬੀ. ਐੱਸ. ਐੱਫ. ਦਾ 50 ਕਿਲੋਮੀਟਰ ਦਾ ਦਾਇਰਾ ਵਧਾਇਆ ਹੈ ਪਰ ਕੱਲ੍ਹ ਨੂੰ ਇਹ ਦਾਇਰਾ 100 ਕਿਲੋਮੀਟਰ ਤੋਂ ਵੱਧ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕੀ ਮਤਲਬ ਹੈ ਕਿ ਪੰਜਾਬ ਪੁਲਸ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਪੰਜਾਬ ਸਰਕਾਰ ਨੂੰ ਲੜਨੀ ਚਾਹੀਦੀ ਹੈ ਪਰ ਪੰਜਾਬ ਦੀ ਸਰਕਾਰ ਇੰਨੀ ਨਿਕੰਮੀ ਹੈ ਕਿ ਜੋ ਕੇਂਦਰ ਸਰਕਾਰ ਕਹਿੰਦੀ ਹੈ, ਪੰਜਾਬ ਸਰਕਾਰ ਦੱਬ ਜਾਂਦੀ ਹੈ। ਇਸ ਮੌਕੇ ਉਨ੍ਹਾਂ ਨੇ ਸੁਖਜਿੰਦਰ ਰੰਧਾਵਾ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੇ ਮੰਤਰੀ ਹੋ ਕੇ ਰੰਧਾਵਾ ਵੱਲੋਂ ਗੈਂਗਸਟਰਾਂ ਨੂੰ ਸ਼ੈਅ ਦੇਣਾ ਬਹੁਤ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅੱਗੇ ਪੰਜਾਬ ਸਰਕਾਰ ਨੇ ਗੋਡੇ ਟੇਕ ਦਿੱਤੇ ਹਨ। ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਸਾਰੇ ਮੰਤਰੀ ਪੈਸਿਆਂ ਪਿੱਛੇ ਲੱਗੇ ਹੋਏ ਹਨ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਇਸ ਤੋਂ ਕਾਲਾ ਦਿਨ ਕੋਈ ਹੋਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਸ਼ਾ, ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਲਈ ਸਾਡੇ ਵਡੇਰਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਆਪਸ ‘ਚ ਮਿਲੀ ਹੋਈ ਹੈ, ਜਿਸ ਦੇ ਚੱਲਦਿਆਂ ਇਹ ਸਭ ਕੁੱਝ ਕੀਤਾ ਗਿਆ ਹੈ। ਇਸ ਦੌਰਾਨ ਪੁਲਸ ਵੱਲੋਂ ਸੁਖਬੀਰ ਬਾਦਲ ਅਤੇ ਹੋਰ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।