ਪਟਿਆਲਾ, ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਪਟਿਆਲਾ ਦੀ ਪੁਲੀਸ ਲਾਈਨ ਵਿੱਚ ਹਰਿਆਣਾ ਤੇ ਪੰਜਾਬ ਪ੍ਰਸ਼ਾਸਨ ਨਾਲ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਬੈਠੇ ਕਿਸਾਨਾਂ ਦੇ ਦੋਵੇਂ ਧੜਿਆਂ ਦੀ ਦੂਜੇ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ। ਹਰਿਆਣਾ ਪ੍ਰਸ਼ਾਸਨ ਨੇ ਕਿਹਾ ਕਿ ਕਿਸਾਨ ਬੇਸ਼ੱਕ ਦਿੱਲੀ ਬਾਰਡਰ ’ਤੇ ਚਲੇ ਜਾਣ ਪਰ ਉਹ ਟਰੈਕਟਰ ਤੇ ਟਰਾਲੀਆਂ ਪੰਜਾਬ ਵਿਚ ਹੀ ਛੱਡ ਦੇਣ ਪਰ ਕਿਸਾਨਾਂ ਦਾ ਇਕ-ਨੁਕਾਤੀ ਪ੍ਰੋਗਰਾਮ ਸੀ ਕਿ ਕਿਸਾਨ ਕਿਸੇ ਵੀ ਹਾਲਤ ਵਿਚ ਟਰੈਕਟਰ-ਟਰਾਲੀਆਂ ਤੋਂ ਬਿਨਾਂ ਦਿੱਲੀ ਨਹੀਂ ਜਾਣਗੇ।
ਇਸ ਮੌਕੇ ਮੀਟਿੰਗ ਵਿਚ ਪੰਜਾਬ ਪ੍ਰਸ਼ਾਸਨ ਵੱਲੋਂ ਏਡੀਜੀਪੀ ਅਰਪਿਤ ਸ਼ੁਕਲਾ, ਡੀਜੀਪੀ (ਇੰਟੈਲੀਜੈਂਸ) ਆਰਕੇ ਜੈਸਵਾਲ, ਡੀਸੀ ਪਟਿਆਲਾ ਸ਼ੌਕਤ ਅਹਿਮਦ ਪਰੇ, ਐੱਸਐੱਸਪੀ ਪਟਿਆਲਾ ਨਾਨਕ ਸਿੰਘ ਅਤੇ ਹਰਿਆਣਾ ਵੱਲੋਂ ਅੰਬਾਲਾ ਦੇ ਐੱਸਡੀਐੱਮ ਅਤੇ ਅੰਬਾਲਾ ਦੇ ਐੱਸਪੀ ਸੁਰਿੰਦਰ ਸਿੰਘ ਭੌਰੀਆ ਮੌਜੂਦ ਸਨ ਜਦਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਰਵਣ ਸਿੰਘ ਪੰਧੇਰ, ਅਮਰਜੀਤ ਮੌਹੜੀ, ਬਲਦੇਵ ਜ਼ੀਰਾ, ਬਲਵੰਤ ਸਿੰਘ ਬ੍ਰਾਹਮਕੇ, ਗੁਰਅਮਨੀਤ ਸਿੰਘ ਮਾਂਗਟ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਸੰਯੁਕਤ ਕਿਸਾਨ ਮੋਰਚਾ (ਐਨਪੀ) ਵੱਲੋਂ ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟਲਾ ਡੱਲੇਵਾਲ, ਸੁਖਜੀਤ ਸਿੰਘ ਹਰਦੋਝੰਡੇ, ਭੰਗੂ ਵਰਿੰਦਰ ਸਿੰਘ ਹਾਜ਼ਰ ਸਨ। ਇਹ ਮੀਟਿੰਗ ਅੱਜ ਸਿਰਫ਼ 40 ਮਿੰਟ ਹੀ ਚੱਲੀ ਤੇ ਉਸ ਵਿਚ ਹਰਿਆਣਾ ਪ੍ਰਸ਼ਾਸਨ ਨੇ ਕਿਹਾ ਕਿ ਕਿਸਾਨ ਧਰਨਾ ਚੁੱਕ ਲੈਣ ਤੇ ਰਸਤਾ ਸਾਫ਼ ਕਰ ਦੇਣ। ਹਰਿਆਣਾ ਪ੍ਰਸ਼ਾਸਨ ਨੇ ਕਿਹਾ ਕਿ ਜੇ ਕਿਸਾਨ ਧਰਨਾ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਉਹ ਟਰੈਕਟਰਾਂ ਤੋਂ ਬਗ਼ੈਰ ਜਾਣ। ਕਿਸਾਨ ਆਗੂਆਂ ਨੇ ਟਰੈਕਟਰ ਤੇ ਟਰਾਲੀਆਂ ਤੋਂ ਬਿਨਾਂ ਦਿੱਲੀ ਜਾਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਮੀਟਿੰਗ ਕਰ ਕੇ ਵਿਚਾਰ ਕਰਨਗੇ। ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨ ਵਿਰੋਧੀ ਹੈ ਅੱਜ ਜਦੋਂ ਹਰਿਆਣਾ ਵਿਚ ਚੋਣਾਂ ਹੋ ਰਹੀਆਂ ਹਨ ਤਾਂ ਭਾਜਪਾ ਅਦਾਲਤ ਦਾ ਸਹਾਰਾ ਲੈ ਕੇ ਕਿਸਾਨਾਂ ਦਾ ਧਰਨਾ ਚੁਕਾਉਣਾ ਚਾਹੁੰਦੀ ਹੈ। ਇਸੇ ਕਰ ਕੇ ਉਹ ਕਿਸਾਨਾਂ ਦੇ ਹੱਕ ਵਿਚ ਇੱਕ ਛੋਟਾ ਜਿਹਾ ਵੀ ਫ਼ੈਸਲਾ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਉਹ ਬਾਰਡਰ ਖੋਲ੍ਹਣ ਲਈ ਤਿਆਰ ਹੈ।