ਸਮਰਾਲਾ : ਲੁਧਿਆਣਾ ਚੰਡੀਗੜ੍ਹ ਹਾਈਵੇ ’ਤੇ ਸਥਿਤ ਪਿੰਡ ਘੁਲਾਲ ਦੇ ਟੋਲ ਪਲਾਜ਼ਾ ਦੇ ਮੈਨੇਜਰ ’ਤੇ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮ ਸਮਰਾਲਾ ਪੁਲਸ ਨੇ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰ ਲਏ ਹਨ ਜਦਕਿ ਮਾਮਲੇ ’ਚ ਲੋਂੜੀਦੇ ਬਾਕੀ ਦੇ ਤਿੰਨ ਦੋਸ਼ੀਆਂ ਦੀ ਭਾਲ ਜਾਰੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਤੋਂ 32 ਬੋਰ ਦਾ ਦੇਸੀ ਪਿਸਤੌਲ ਤੇ ਇਕ ਦੇਸੀ ਕੱਟਾ 315 ਬੋਰ ਤੇ ਟੋਲ ਪਲਾਜ਼ੇ ਦੇ ਮੈਨੇਜਰ ਕੋਲੋਂ ਖੋਹਿਆ ਲਾਈਸੈਂਸੀ 32 ਬੋਰ ਦਾ ਰਿਵਾਲਵਰ ਬਰਾਮਦ ਕਰ ਲਿਆ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ. (ਡੀ) ਪਵਨਜੀਤ ਨੇ ਦੱਸਿਆ ਕਿ 11 ਨਵੰਬਰ ਨੂੰ ਟੋਲ ਪਲਾਜ਼ਾ ਦੇ ਮੈਨੇਜਰ ਯਾਦਵਿੰਦਰ ਸਿੰਘ ਵਾਸੀ ਫੱਲੇਵਾਲ, ਜ਼ਿਲ੍ਹਾ ਮਲੇਰਕੋਟਲਾ ਦੀ 5 ਅਣਪਛਾਤੇ ਵਿਅਕਤੀਆਂ ਨੇ ਕੁੱਟਮਾਰ ਕੀਤੀ ਤੇ ਫਾਇਰਿੰਗ ਕੀਤੀ ਸੀ ਤੇ ਟੋਲ ਪਲਾਜ਼ਾ ਦੇ ਕਰਮਚਾਰੀ ਦਵਿੰਦਰ ਸਿੰਘ ਵਾਸੀ ਪਿੰਡ ਸਰਵਰਪੁਰ ਦੇ ਸੱਟਾਂ ਮਾਰੀਆਂ ਸਨ। ਪੁਲਸ ਨੇ ਟੈਕਨੀਕਲ, ਹਿਊਮਨ ਤੇ ਵਿਗਿਆਨਕ ਤਕਨੀਕ ਵਰਤਦਿਆਂ ਵਾਰਦਾਤ ਕਰਨ ਵਾਲੇ ਮੁਲਜ਼ਮਾਂ ਮੰਗੀ ਸਿੰਘ ਵਾਸੀ ਪਿੰਡ ਬਿਜਲੀ ਨੰਗਲ ਤੇ ਸ਼ੁਭਮ ਮਿਸ਼ਰਾ ਉਰਫ ਪੰਡਤ ਵਾਸੀ ਢਿੱਲਵਾਂ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਹਾਂ ਤੋਂ ਵਾਰਦਾਤ ਸਮੇਂ ਵਰਤੇ ਗਏ ਦੇਸੀ ਪਿਸਤੌਲ 32 ਬੋਰ ਸਮੇਤ 1 ਕਾਰਤੂਸ, ਵਾਰਦਾਤ ਸਮੇਂ ਮੈਨੇਜਰ ਯਾਦਵਿੰਦਰ ਸਿੰਘ ਤੋਂ ਖੋਹਿਆ ਰਿਵਾਲਵਰ 32 ਬੋਰ ਸਮੇਤ 5 ਕਾਰਤੂਸ ਤੇ ਦੇਸੀ ਕੱਟਾ 315 ਬੋਰ ਸਮੇਤ 1 ਕਾਰਤੂਸ ਬਰਾਮਦ ਕੀਤੇ ਗਏ ਹਨ। ਇਨ੍ਹਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਕੀ ਮੁਲਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਜੋ ਜਲਦ ਹੀ ਫੜੇ ਜਾਣਗੇ।
