ਚੰਡੀਗਡ਼੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਕਈ ਪ੍ਰਸ਼ਾਸਨਿਕ ਫੇਰਬਦਲ ਕੀਤੇ ਹਨ। ਉਨ੍ਹਾਂ ਨੇ ਕਈ ਵੱਡੇ ਅਧਿਕਾਰੀ ਬਦਲ ਦਿੱਤੇ ਹਨ ਜੋ ਕੈਪਟਨ ਸਰਕਾਰ ਦੌਰਾਨ ਉਨ੍ਹਾਂ ਦੇ ਕਰੀਬੀ ਮੰਨੇ ਜਾਂਦੇ ਸਨ। ਅੱਜ ਇਕ ਨਵਾਂ ਫੈਸਲਾ ਲੈਂਦੇ ਹੋਏ ਪੰਜਾਬ ਸਰਕਾਰ ਨੇ ਮੁੱਖ ਸਕੱਤਰ ਦਾ ਤਬਾਦਲਾ ਕਰ ਦਿੱਤਾ ਹੈ। 1990 ਬੈਚ ਦੇ ਆਈ.ਏ.ਐਸ ਅਧਿਕਾਰੀ ਅਨਿਰੁਧ ਤਿਵਾੜੀ ਪੰਜਾਬ ਦੇ ਨਵੇਂ ਮੁੱਖ ਸਕੱਤਰ ਬਣ ਚੁੱਕੇ ਹਨ। ਉਹ ਵਿੰਨੀ ਮਹਾਜਨ ਦੀ ਥਾਂ ਲੈਣਗੇ।
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਤੇ ਚਰਨਜੀਤ ਸਿੰਘ ਚੰਨੀ ਦੇ ਸੂਬੇ ਦੇ ਨਵੇੰ ਮੁੱਖ ਮੰਤਰੀ ਬਣਨ ਨਾਲ ਸੂਬੇ ਦੀ ਮੁੱਖ ਸਕੱਤਰ ਨੂੰ ਬਦਲਣ ਦੀਆਂ ਕਨਸੋਆ ਸ਼ੁਰੂ ਹੋ ਗਈਆ ਸਨ। ਮੁੱਖ ਸਕੱਤਰ ਲੱਗਣ ਦੀ ਦੌੜ ਵਿਚ ਰਵਨੀਤ ਕੌਰ ਤੇ ਅਨਿਰੁਧ ਤਿਵਾੜੀ ਦਾ ਨਾਮ ਚੱਲ ਰਿਹਾ ਸੀ। ਪਰ ਅੰਤਿਮ ਮੋਹਰ ਅਨਿਰੁਧ ਤਿਵਾੜੀ ਦੇ ਨਾਮ ’ਤੇ ਲੱਗ ਗਈ।
1990 ਬੈਚ ਦੇ ਆਈਏਐਸ ਅਨਿਰੁਧ ਤਿਵਾੜੀ ਐਡੀਸ਼ਨਲ ਚੀਫ਼ ਸੈਕਟਰੀ ਕਮ ਫਾਇਨੈਂਸ਼ੀਅਲ ਕਮਿਸ਼ਨਰ, ਐਡੀਸ਼ਨਲ ਚੀਫ ਸੈਕਟਰੀ ਫੂਡ ਪ੍ਰੋਸੈਸਿੰਗ, ਹਾਰਟੀਕਲਚਰ ਵਜੋਂ ਸੇਵਾ ਨਿਭਾਅ ਰਹੇ ਸਨ।
ਦੱਸ ਦੇਈਏ ਕਿ ਬਤੌਰ ਮੁੱਖ ਸਕੱਤਰ ਵਿੰਨੀ ਮਹਾਜਨ ਸੇਵਾ ਨਿਭਾਅ ਰਹੇ ਸਨ। ਉਹ 1987 ਬੈਚ ਦੀ ਆਈਏਐਸ ਹੈ। ਉਨ੍ਹਾਂ ਦੇ ਪਤੀ ਆਈਪੀਐਸ ਦਿਨਕਰ ਗੁਪਤਾ ਬਤੌਰ ਡੀਜੀਪੀ ਸੇਵਾ ਨਿਭਾ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦੇ ਉਚ ਅਹੁਦਿਆਂ ’ਤੇ ਇਸ ਜੋਡ਼ੀ ਵੱਲੋਂ ਸੇਵਾ ਨਿਭਾਉਣ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਕਾਫੀ ਗਰਮ ਸੀ।
ਹੁਣ ਵਿੰਨੀ ਮਹਾਜਨ ਦੇ ਤਬਾਦਲੇ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਡੀਜੀਪੀ ਦੇ ਤਬਾਦਲੇ ’ਤੇ ਟਿਕੀਆਂ ਹੋਈਆਂ ਹਨ।