ਲਖੀਮਪੁਰ ਖੀਰੀ ਹਿੰਸਾ ’ਚ ਸ਼ਹੀਦ ਕਿਸਾਨਾਂ ਲਈ ਅੰਤਿਮ ਅਰਦਾਸ, ਸ਼ਰਧਾਂਜਲੀ ਦੇਣ ਪੁੱਜੇ ਕਿਸਾਨ

kisan/nawanpunjab.com

ਲਖੀਮਪੁਰ ਖੀਰੀ, 12 ਅਕਤੂਬਰ (ਦਲਜੀਤ ਸਿੰਘ)- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ’ਚ 3 ਅਕਤੂਬਰ ਨੂੰ ਹੋਈ ਹਿੰਸਾ ਵਿਚ ਸ਼ਹੀਦ ਹੋਏ ਕਿਸਾਨਾਂ ਲਈ ਅੱਜ ਯਾਨੀ ਕਿ ਮੰਗਲਵਾਰ ਨੂੰ ‘ਅੰਤਿਮ ਅਰਦਾਸ’ ਕੀਤੀ ਗਈ। ਅਰਦਾਸ ਸਭਾ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਆਲੇ-ਦੁਆਲੇ ਦੇ ਕਿਸਾਨ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ। ਜਿਸ ਥਾਂ ’ਤੇ ਹਿੰਸਾ ਹੋਈ ਸੀ, ਉਸ ਦੇ ਨੇੜੇ ਹੀ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਗਿਆ ਹੈ। ਅੰਤਿਮ ਅਰਦਾਸ ’ਚ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਪੁੱਜੇ ਗਏ ਹਨ। ਇਸ ਹਿੰਸਾ ’ਚ 4 ਕਿਸਾਨ ਵਿਰੋਧ ਪ੍ਰਦਰਸ਼ਨ ਦੌਰਾਨ ਕੁਚਲੇ ਗਏ ਸਨ, ਜਿਨ੍ਹਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਵੱਖ-ਵੱਖ ਸੂਬਿਆਂ ਦੇ ਕਿਸਾਨ ਪਹੁੰਚਣ ਲੱਗੇ ਹਨ। ਸਮੂਹਿਕ ਅੰਤਿਮ ਅਰਦਾਸ ਵਿਚ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਿਲ੍ਹਆਂ ਤੋਂ ਇਲਾਵਾ ਪੰਜਾਬ, ਹਰਿਆਣਾ, ਉੱਤਰਾਖੰਡ ਦੇ ਕਿਸਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਓਧਰ ਮੋਰਚੇ ਵਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਆਗੂ ਨੂੰ ਅੰਤਿਮ ਅਰਦਾਸ ਵਿਚ ਮੰਚ ਸਾਂਝਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਉੱਥੇ ਸਿਰਫ਼ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਮੌਜੂਦ ਰਹਿਣਗੇ।

ਦੱਸ ਦੇਈਏ ਕਿ ਜਿਸ ਥਾਂ ’ਤੇ ਹਿੰਸਾ ਹੋਈ ਸੀ, ਉੱਥੋਂ ਕਰੀਬ 500 ਮੀਟਰ ਦੂਰ ਗੁਰਦੁਆਰਾ ਕੌੜੀਆਲਾ ਘਾਟ ਦੇ ਸੇਵਾਦਾਰ ਕਲਾ ਸਿੰਘ ਨੇ ਕਿਹਾ ਅਖੰਡ ਪਾਠ ਐਤਵਾਰ ਤੋਂ ਸ਼ੁਰੂ ਹੋਇਆ ਅਤੇ ਮੰਗਲਵਾਰ ਸਵੇਰੇ ਸਮਾਪਤੀ ਹੋਈ। ਤਿਕੁਨੀਆ ਦੇ ਬਾਹਰੀ ਇਲਾਕੇ ਵਿਚ ਇਕ ਪੰਡਾਲ ਬਣਾਇਆ ਗਿਆ ਹੈ। ਇੱਥੋਂ ਦਾ ਮਾਹੌਲ ਸ਼ਾਂਤੀਪੂਰਨ ਹੈ, ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰ-ਕਿਸਾਨ ਤਿਕੁਨੀਆ ਪਹੁੰਚ ਚੁੱਕੇ ਹਨ। ਇਹ ਪ੍ਰੋਗਰਾਮ ਮੋਦੀ ਸਰਕਾਰ ਨੂੰ ਚਿਤਾਵਨੀ ਹੈ ਕਿ ਦੋਸ਼ੀਆਂ ਨੂੰ ਨਾ ਬਚਾਓ ਅਤੇ ਮੰਤਰੀ ਨੂੰ ਬਰਖ਼ਾਸਤ ਕਰੋ ਨਹੀਂ ਤਾਂ ਅੰਦੋਲਨ ਹੋਰ ਤੇਜ਼ ਹੋਵੇਗਾ। ਦੱਸਣਯੋਗ ਹੈ ਕਿ 3 ਅਕਤੂਬਰ ਦੀ ਘਟਨਾ ਲਖੀਮਪੁਰ ਸ਼ਹਿਰ ਤੋਂ ਲੱਗਭਗ 60 ਕਿਲੋਮੀਟਰ ਦੂਰ ਤਿਕੁਨੀਆ-ਬਨਬੀਰਪੁਰ ਰੋਡ ’ਤੇ ਹੋਈ, ਜਦੋਂ ਕਿਸਾਨ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ, ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਜੱਦੀ ਪਿੰਡ ਬਨਬੀਰਪੁਰ ਜਾਣ ਦਾ ਵਿਰੋਧ ਕਰ ਰਹੇ ਸਨ। ਇਸ ਘਟਨਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ।

Leave a Reply

Your email address will not be published. Required fields are marked *