ਪੰਜਾਬ ਯੂਨੀਵਰਸਿਟੀ ਦੀ 133 ਸਾਲ ਪੁਰਾਣੀ ਪਹਿਚਾਣ ‘ਤੇ ਖ਼ਤਰਾ ਮੰਡਰਾ ਰਿਹਾ ਹੈ ਤੇ “ਪੀ.ਯੂ. ਬਚਾਓ ਮੋਰਚੇ” ਨੂੰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਖੁੱਲ੍ਹਾ ਸਮਰਥਨ ਮਿਲਿਆ ਹੈ। ਖਹਿਰਾ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀ ਇਹ ਪੂਰੀ ਯੋਜਨਾ ਰਾਜਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ (NEP) ਨਾ ਸਿਰਫ਼ ਘੱਟਗਿਣਤੀਆਂ ਦੇ, ਸਗੋਂ ਰਾਜਾਂ ਦੇ ਹਿੱਤ ਵਿੱਚ ਵੀ ਨਹੀਂ ਹੈ, ਇਸ ਲਈ ਪੰਜਾਬ ਸਰਕਾਰ ਨੂੰ ਇਸ ਖ਼ਿਲਾਫ਼ ਡਟ ਕੇ ਮੋਰਚਾ ਖੋਲ੍ਹਣਾ ਚਾਹੀਦਾ ਹੈ। ਦੂਜੇ ਪਾਸੇ, ਯੂਨੀਵਰਸਿਟੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ। ਵਿਦਿਆਰਥੀ ਸੰਗਠਨਾਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਰਦੀਆਂ ਹਨ, ਉੱਥੇ ਹੀ ਉਨ੍ਹਾਂ ਨੂੰ ਤਿੰਨ ਵਾਰ ਧਰਨੇ ’ਤੇ ਬੈਠਣਾ ਪਿਆ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਦੀ ਸਾਜ਼ਿਸ਼ ਕਾਰਨ “ਵਿਦਿਆ ਦੀ ਪਰੰਪਰਾ” ਨੂੰ ਝਟਕਾ ਲੱਗਿਆ ਹੈ।
ਉਨ੍ਹਾਂ ਯਾਦ ਦਿਵਾਇਆ ਕਿ ਖੁਦ ਸਰਕਾਰ ਨੇ ਮੰਨਿਆ ਸੀ ਕਿ 28 ਅਕਤੂਬਰ ਨੂੰ ਜਾਰੀ ਕੀਤੀ ਨੋਟੀਫਿਕੇਸ਼ਨ ਗਲਤ ਸੀ, ਪਰ ਯੂਨੀਵਰਸਿਟੀ ਵੱਲੋਂ ਚਾਂਸਲਰ ਨੂੰ ਫਾਇਲ ਭੇਜਣ ਦੇ ਬਾਵਜੂਦ ਅਜੇ ਤੱਕ ਨਵੀਂ ਨੋਟੀਫਿਕੇਸ਼ਨ ਨਹੀਂ ਆਈ। 10 ਨਵੰਬਰ ਨੂੰ ਪੁਲਿਸ ਵੱਲੋਂ ਪੀ.ਯੂ. ਦੇ ਮੁੱਖ ਦਰਵਾਜ਼ੇ ਬੰਦ ਕਰਕੇ ਵਿਰੋਧ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਵਿਦਿਆਰਥੀਆਂ ਵਿੱਚ ਗੁੱਸਾ ਫੈਲ ਗਿਆ। ਕਈ ਵਿਦਿਆਰਥੀਆਂ ਨੂੰ ਤਾਂ ਪੁਲਿਸ ਨੇ ਯੂਨੀਵਰਸਿਟੀ ਦੇ ਅੰਦਰ ਜਾਣ ਤੋਂ ਵੀ ਰੋਕ ਦਿੱਤਾ।
ਪੰਜਾਬ ਯੂਨੀਵਰਸਿਟੀ ਦੀ ਪਛਾਣ ’ਤੇ ਖ਼ਤਰਾ: ਸੁਖਪਾਲ ਖਹਿਰਾ ਪੀ.ਯੂ. ਬਚਾਓ ਮੋਰਚੇ ’ਚ ਪੁੱਜੇ
