ਅੰਮ੍ਰਿਤਸਰ-ਤਾਪਮਾਨ ਵਿਚ ਪ੍ਰਦੂਸ਼ਣ ਕਾਰਨ ਲਗਾਤਾਰ ਆ ਰਹੀ ਤਬਦੀਲੀ ਨੂੰ ਮੱਦੇਨਜ਼ਰ ਰੱਖਦਿਆਂ ਸਿਹਤ ਵਿਭਾਗ ਵੱਲੋਂ ਹਵਾ ਪ੍ਰਦੂਸ਼ਣ ਸਬੰਧੀ ਵਿਸ਼ੇਸ਼ ਐਡਵਾਈਜਰੀ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਸਾਹ ਰੋਗ ਨਾਲ ਸੰਬੰਧਤ ਮਰੀਜ਼ਾਂ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਇਸ ਸਮੇਂ ਦੌਰਾਨ ਖਾਸ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਅੰਮ੍ਰਿਤਸਰ ਡਾ. ਭਾਰਤੀ ਧਵਨ ਵੱਲੋਂ ਹਵਾ ਪ੍ਰਦੂਸ਼ਣ ਸਬੰਧੀ ਐਡਵਾਈਜਰੀ ਜਾਰੀ ਕੀਤੀ ਗਈ। ਸਿਵਲ ਸਰਜਨ ਡਾ. ਭਾਰਤੀ ਧਵਨ ਨੇ ਦੱਸਿਆ ਕਿ ਜਿਵੇਂ-ਜਿਵੇਂ ਮੌਸਮ ਠੰਡਾ ਹੁੰਦਾ ਜਾ ਰਿਹਾ ਹੈ, ਓਵੇਂ-ਓਵੇ ਹਵਾ ਦੀ ਗੁਣਵੱਤਾ ਵਿਗੜਨੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪਰਾਲੀ ਸਾੜਨ ਕਰ ਕੇ ਅਤੇ ਪਟਾਕਿਆਂ ਦੇ ਧੂਏਂ ਕਾਰਨ ਹਵਾ ਦੇ ਗੁਣਵੱਤਾ ਦਾ ਸੂਚਕ ਅੰਕ ਹੋਰ ਵੀ ਵਿਗੜ ਰਿਹਾ ਹੈ। ਅਜਿਹੇ ਹਾਲਾਤਾਂ ਵਿਚ ਛੋਟੇ ਬੱਚੇ, ਗਰਭਵਤੀ ਮਾਵਾਂ ਅਤੇ ਬਜ਼ੁਰਗਾਂ ਦੀ ਸਿਹਤ ’ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ।
ਖਾਂਸੀ, ਜੁਕਾਮ, ਦਮੇ ਅਤੇ ਸਾਹ ਤੋਂ ਪੀੜਤ ਰੋਗੀਆਂ ਲਈ ਇਹ ਬਹੁਤ ਹੀ ਹਾਨੀਕਾਰਕ ਸਾਬਤ ਹੁੰਦਾ ਹੈ, ਇਸ ਲਈ ਸਿਹਤ ਵਿਭਾਗ ਵੱਲੋਂ ਅਜਿਹੀ ਗੰਭੀਰ ਸਥਿਤੀ ਤੋਂ ਬਚਣ ਲਈ ਐਡਵਾਈਜਰੀ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਲੱਕੜ, ਪੱਤਿਆਂ, ਫਸਲਾਂ ਦੀ ਰਹਿੰਦ-ਖੂੰਹਦ ਅਤੇ ਕੂੜੇ ਨੂੰ ਖੁੱਲ੍ਹੇ ਵਾਤਾਵਰਣ ਵਿਚ ਸਾੜਨ ਤੋਂ ਪ੍ਰਹੇਜ਼ ਕਰੋ ਜੋ ਹਵਾ ਪ੍ਰਦੂਸ਼ਣ ਨੂੰ ਹੋਰ ਵਿਗਾੜ ਸਕਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਪਰਾਲੀ ਸਾੜਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਕਿਉਂਕਿ ਉਸ ਤੋਂ ਨਿਕਲਣ ਵਾਲਾ ਖਤਰਨਾਕ ਧੂਆਂ ਸਾਹ ਦੇ ਰੋਗੀਆਂ ਲਈ ਖਤਰਨਾਕ ਬੀਮਾਰੀਆਂ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਇਸ ਮੌਸਮ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਸਿਹਤ ਵਿਭਾਗ ਦੇ ਜ਼ਿਲਾ ਟੀ. ਬੀ. ਅਧਿਕਾਰੀ ਡਾ. ਵਿਜੇ ਗੋਤਵਾਲ ਨੇ ਦੱਸਿਆ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘਟਾਉਣ ਲਈ, ਐਂਟੀਆਕਸੀਡੈਂਟਾਂ ਨਾਲ ਭਰਪੂਰ ਮੌਸਮੀ ਫਲ ਅਤੇ ਸਬਜ਼ੀਆਂ ਖਾਓ ਅਤੇ ਹਾਈਡ੍ਰੇਸ਼ਨ ਬਣਾਈ ਰੱਖਣ ਲਈ ਲੋੜੀਂਦਾ ਪਾਣੀ ਪੀਓ। ਲੰਬੇ ਸਮੇ ਤੋਂ ਪਲਮੋਨਰੀ ਜਾਂ ਕਾਰਡੀਓਵੈਸਕੁਲਰ ਸਮੱਸਿਆਵਾਂ ਵਾਲੇ ਮਰੀਜ਼ਾਂ, ਗਰਭਵਤੀ ਔਰਤਾਂ, ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਪ੍ਰਦੂਸ਼ਿਤ ਹਵਾ ਦੇ ਸੰਪਰਕ ਤੋਂ ਬਚਣਾ ਚਾਹੀਦਾ ਹੈ।
