ਚੰਡੀਗਡ਼੍ਹ, 11 ਅਕਤੂਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਚੰਡੀਗਡ਼੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਵੱਲੋਂ ਪਾਰਟੀ ਦਾ ਹੋਰ ਵਿਸਥਾਰ ਕਰਦਿਆਂ ਅੱਜ ਸੈਕਟਰ 42 ਸਥਿਤ ਮੰਦਰ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਸਮੇਤ ਦੋ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ। ਅਕਾਲੀ ਦਲ ਦੇ ਪਾਰਟੀ ਦਫ਼ਤਰ ਸੈਕਟਰ 28 ਵਿਖੇ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਸ਼ਿਵ ਕੁਮਾਰ ਅਤੇ ਸਭਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਕੌਮੀ ਯੂਥ ਅਕਾਲੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਅਕਾਲੀ ਦਲ ਦੇ ਮਹਿਲਾ ਵਿੰਗ ਦੀਆਂ ਦੋਵੇਂ ਪ੍ਰਧਾਨ ਬੀਬੀ ਸਤਵੰਤ ਕੌਰ ਜੌਹਲ ਅਤੇ ਬੀਬੀ ਗੁਰਦੀਪ ਕੌਰ ਬਰਾਡ਼ ਵੀ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਅੱਜ ਸ਼ਾਮਿਲ ਹੋਏ ਹੋਰਨਾਂ ਵਿਅਕਤੀਆਂ ਵਿੱਚ ਸ਼ਿਵ ਕੁਮਾਰ, ਐਡਵੋਕੇਟ ਰਾਜ ਕੁਮਾਰ ਸ਼ਾਹੀ, ਨਰੇਸ਼ ਅਰੋਡ਼ਾ, ਰਾਕੇਸ਼ ਸਿੰਗਲਾ, ਐਨ.ਆਰ. ਸੈਣੀ, ਐਨ.ਕੇ. ਕਪੂਰ, ਤਰਲੋਕ ਸਿੰਘ, ਗੁਰਮੀਤ ਸਿੰਘ, ਐਡਵੋਕੇਟ ਜੇ.ਸੀ. ਬੱਤਰਾ,ਵਿਜੇ ਬਾਂਸਲ ਪ੍ਰਧਾਨ ਅਗਰਵਾਲ ਸਭਾ,ਦਵਿੰਦਰ ਛਾਬੜਾ,ਸਨੀ ਰਾਜਪੂਤ ਦੇ ਵੀ ਨਾਮ ਸ਼ਾਮਿਲ ਹਨ।
ਸ੍ਰ. ਬੁਟੇਰਲਾ ਨੇ ਦੱਸਿਆ ਕਿ ਸ਼ਿਵ ਕੁਮਾਰ ਨੂੰ ਇੰਚਾਰਜ ਡਾ. ਦਲਜੀਤ ਸਿੰਘ ਚੀਮਾ ਵੱਲੋਂ ਚੰਡੀਗਡ਼੍ਹ ਇਕਾਈ ਦਾ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਗਿਆ ਹੈ। ਸ਼ਿਵ ਕੁਮਾਰ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਕਿਉਂਕਿ ਇਨ੍ਹਾਂ ਦਾ ਸੈਕਟਰ 24 ਅਤੇ 30 ਵਿੱਚ ਵੀ ਕਾਫ਼ੀ ਪ੍ਰਭਾਵ ਹੈ ਅਤੇ ਵੱਡੀ ਗਿਣਤੀ ਵਿੱਚ ਲੋਕੀਂ ਇਨ੍ਹਾਂ ਦੇ ਨਾਲ ਚੱਲਦੇ ਹਨ। ਆਉਂਦੀਆਂ ਨਗਰ ਨਿਗਮ ਚੋਣਾਂ ਵਿੱਚ ਅਕਾਲੀ ਦਲ ਮਜ਼ਬੂਤ ਹੋਵੇਗਾ। ਸ੍ਰ. ਬੁਟੇਰਲਾ ਨੇ ਅੱਜ ਪਾਰਟੀ ਵਿੱਚ ਸ਼ਾਮਿਲ ਹੋਏ ਸਾਰੇ ਵਿਅਕਤੀਆਂ ਨੂੰ ਨਿਗਮ ਚੋਣਾਂ ਦੀ ਤਿਆਰੀ ਵਿੱਚ ਹੁਣ ਤੋਂ ਜੁਟ ਜਾਣ ਦਾ ਸੰਦੇਸ਼ ਦਿੱਤਾ ਤਾਂ ਜੋ ਚੋਣਾਂ ਉਪਰੰਤ ਇੱਥੇ ਅਕਾਲੀ ਦਲ ਦਾ ਮੇਅਰ ਬਣਾਇਆ ਜਾ ਸਕੇ। ਪਾਰਟੀ ਜੁਆਇਨ ਕਰ ਚੁੱਕੇ ਇਨ੍ਹਾਂ ਵਿਅਕਤੀਆਂ ਨੇ ਡਾ. ਚੀਮਾ ਅਤੇ ਹਰਦੀਪ ਸਿੰਘ ਬੁਟੇਰਲਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਦ੍ਰਿਡ਼੍ਹਤਾ ਨਾਲ ਪਾਰਟੀ ਦੀ ਚਡ਼੍ਹਦੀ ਕਲਾ ਲਈ ਕੰਮ ਕਰਨਗੇ।