ਚਿੱਟੇ ਤੋਂ ਬਾਅਦ ਹੁਣ ਅੰਮ੍ਰਿਤਸਰ ’ਚ ਗਾਂਜੇ ਦੀ ਐਂਟਰੀ, ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ

ਅੰਮ੍ਰਿਤਸਰ-ਸਰਹੱਦੀ ਪਿੰਡ ਬੁਰਜ ਵਿਚ 3 ਕਿਲੋ ਆਈਸ ਡਰੱਗਜ਼ ਅਤੇ ਹੁਣ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਯਾਤਰੀਆਂ ਤੋਂ 3.5 ਕਿਲੋ ਗਾਂਜਾ ਬਰਾਮਦ ਕੀਤੇ ਜਾਣ ਨੇ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਖਿਰਕਾਰ ਇਸ ਤਰ੍ਹਾਂ ਦੇ ਨਸ਼ੀਲੇ ਪਦਾਰਥ ਕੌਣ ਮੰਗਵਾ ਰਿਹਾ ਹੈ? ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਚਿੱਟੇ ਤੋਂ ਬਾਅਦ ਇੱਥੇ ਵੀ ਗਾਂਜਾ ਅਤੇ ਆਈਸ ਡਰੱਗਜ਼ ਦਾ ਪ੍ਰਚਲਨ ਵਧ ਰਿਹਾ ਹੈ। ਮਹਾਨਗਰ ਵਿਚ ਕੁਝ ਬਾਰਾਂ ਹਨ, ਜਿੱਥੇ ਪਾਰਟੀਆਂ ਦੇਰ ਰਾਤ ਤਕ ਜਾਰੀ ਰਹਿੰਦੀਆਂ ਹਨ ਅਤੇ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਬਾਰਾਂ ਵਿਚ ਹੁੱਕੇ ਤੋਂ ਲੈ ਕੇ ਹੋਰ ਤਰ੍ਹਾਂ ਦੇ ਨਸ਼ੇ ਵੀ ਚੱਲਦੇ ਹਨ। ਫਿਲਹਾਲ ਇਹ ਸੁਰੱਖਿਆ ਏਜੰਸੀਆਂ ਲਈ ਜਾਂਚ ਦਾ ਵਿਸ਼ਾ ਹੈ।

ਕੇਂਦਰੀ ਏਜੰਸੀ ਐੱਨ. ਸੀ. ਬੀ. ਨੇ ਹਾਲ ਹੀ ਵਿਚ ਕੁਝ ਅਜਿਹੀਆਂ ਬਾਰਾਂ ’ਤੇ ਛਾਪੇਮਾਰੀ ਕੀਤੀ ਹੈ ਅਤੇ ਆਬਕਾਰੀ ਵਿਭਾਗ ਵਲੋਂ ਦੇਰ ਰਾਤ ਤਕ ਪਾਰਟੀਆਂ ਕਰਵਾਉਣ ਵਾਲੀਆਂ ਬਾਰਾਂ ’ਤੇ ਕਾਰਵਾਈ ਵੀ ਕੀਤੀ ਚੁੱਕੀ ਹੈ। ਗਾਂਜੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਮਾਰਚ ਵਿਚ ਮਲੇਸ਼ੀਆ ਤੋਂ ਇਕ ਉਡਾਣ ਵਿਚ ਸਵਾਰ ਅਮਨਦੀਪ ਸਿੰਘ ਨਾਂ ਦੇ ਨੌਜਵਾਨ ਦੇ ਸਾਮਾਨ ਵਿਚੋਂ 8 ਕਰੋੜ ਰੁਪਏ ਦਾ ਗਾਂਜਾ ਫੜਿਆ ਗਿਆ ਸੀ, ਜੋ ਵਧੀਆ ਕੁਆਲਿਟੀ ਦਾ ਸੀ।

ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਨੇ ਗਾਂਜੇ ਦੀ ਖੇਪ ਬੈਂਕਾਕ ਤੋਂ ਪ੍ਰਾਪਤ ਕੀਤੀ ਸੀ ਕਿਉਂਕਿ ਬੈਂਕਾਕ ਤੋਂ ਭਾਰਤ ਵਿਚ ਆਉਣ ਵਾਲੀਆਂ ਉਡਾਣਾਂ ਸੁਰੱਖਿਆ ਏਜੰਸੀਆਂ ਦੇ ਰਾਡਾਰ ’ਤੇ ਰਹਿੰਦੀਆਂ ਹਨ ਅਤੇ ਇਸ ਉਡਾਣ ਵਿਚ ਸਵਾਰ ਯਾਤਰੀਆਂ ਦੀ ਚੈਕਿੰਗ ਵੀ ਆਮ ਤੌਰ ਦੀਆਂ ਉਡਾਣਾਂ ਦੀ ਤੁਲਣਾ ਵਿਚ ਵੀ ਜ਼ਿਆਦਾ ਰਹਿੰਦੀ ਹੈ। ਅਮਨਦੀਪ ਸਿੰਘ ਨੂੰ ਗਾਂਜੇ ਦੀ ਖੇਪ ਨਾਲ ਬੈਂਕਾਕ ਤੋਂ ਮਲੇਸ਼ੀਆਂ ਭੇਜਿਆ ਗਿਆ, ਤਾਂ ਜੋ ਕਸਟਮ ਵਿਭਾਗ ਨੂੰ ਜ਼ਿਆਦਾ ਸ਼ੱਕ ਨਾ ਹੋਵੇ ਅਤੇ ਗਾਂਜੇ ਦੀ ਖੇਪ ਆਸਾਨੀ ਨਾਲ ਅੰਮ੍ਰਿਤਸਰ ਏਅਰਪੋਰਟ ’ਤੇ ਪੁੱਜ ਸਕੇ। ਅਮਨਦੀਪ ਦੀ ਉਮਰ ਸਿਰਫ 21 ਸਾਲ ਦੀ ਸੀ।

ਕੋਲਕਾਤਾ ਦੇ ਸਮੱਗਲਰ ਤਕ ਸੀਮਤ ਹੋਈ ਜਾਂਚ

ਅਮਨਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਦੀ ਜਾਂਚ ਉਪਰੰਤ ਕਸਟਮ ਵਿਭਾਗ ਦੀ ਟੀਮ ਨੇ ਅਮਨਦੀਪ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਸੀ, ਜੋ ਕੋਲਕਾਤਾ ਦਾ ਰਹਿਣ ਵਾਲਾ ਸੀ। ਇਸ ਦਾ ਕੰਮ ਹੀ ਬੇਰੋਜ਼ਗਾਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਨੌਜਵਾਨਾਂ ਨੂੰ ਪੈਸਿਆਂ ਦੇ ਲਾਲਚ ਵਿਚ ਫਸਾ ਕੇ ਸਮੱਗਲਰ ਬਣਾਉਣਾ ਸੀ।

ਫਿਲਹਾਲ ਕਸਟਮ ਵਿਭਾਗ ਵੀ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗਾਂਜੇ ਨੂੰ ਪੰਜਾਬ ਵਿਚ ਹੀ ਖਪਤ ਕੀਤਾ ਜਾਣਾ ਸੀ ਜਾਂ ਹੋਰ ਸੂਬਿਆਂ ਵਿਚ ਇਸ ਦੀ ਸਪਲਾਈ ਕੀਤੀ ਜਾਣੀ ਸੀ। ਹਾਂਲਾਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਕੁਝ ਵੱਡੇ ਹੋਟਲਾਂ ਵਿਚ ਗਾਂਜਾ, ਹਸ਼ੀਸ, ਕੋਕੀਨ ਅਤੇ ਹੋਰ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਨੌਜਵਾਨ ਅਤੇ ਹੋਰ ਲੋਕ ਕਰਦੇ ਹਨ।

Leave a Reply

Your email address will not be published. Required fields are marked *