ਦੇਸ਼ ਵਿਚ ਵਧ ਗਈ ਥੋਕ ਮਹਿੰਗਾਈ ਦਰ, 4 ਮਹੀਨੇ ਦੇ ਉੱਚ ਪੱਧਰ ‘ਤੇ ਪਹੁੰਚੀ, ਸਰਕਾਰ ਨੇ ਜਾਰੀ ਕੀਤੇ ਅੰਕੜੇ

ਨਵੀਂ ਦਿੱਲੀ : ਰਿਟੇਲ ਮਹਿੰਗਾਈ ਤੋਂ ਬਾਅਦ ਹੁਣ ਥੋਕ ਮਹਿੰਗਾਈ ਦਰ ਵੀ ਅਗਸਤ ਮਹੀਨੇ ‘ਚ ਵਧ ਗਈ ਹੈ। 15 ਸਤੰਬਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ, ਭਾਰਤ ਦੀ ਥੋਕ ਮਹਿੰਗਾਈ ਅਗਸਤ ‘ਚ ਮੁੜ ਸਕਾਰਾਤਮਕ ਦਾਇਰੇ ‘ਚ ਆ ਗਈ ਤੇ ਇਹ ਚਾਰ ਮਹੀਨਿਆਂ ਦੇ ਉੱਚ ਪੱਧਰ 0.52 ਪ੍ਰਤੀਸ਼ਤ ‘ਤੇ ਪਹੁੰਚ ਗਈ ਹੈ। ਜੁਲਾਈ ‘ਚ ਥੋਕ ਮੁੱਲ ਸੂਚਕ ਅੰਕ (WPI) 25 ਮਹੀਨਿਆਂ ਦੇ ਹੇਠਲੇ ਪੱਧਰ -0.58 ਪ੍ਰਤੀਸ਼ਤ ‘ਤੇ ਆ ਗਿਆ ਸੀ।

ਇਸ ਤੋਂ ਪਹਿਲਾਂ, ਰਿਟੇਲ ਮਹਿੰਗਾਈ ਦੀ ਦਰ ਵੀ ਅਗਸਤ ‘ਚ ਵਧ ਕੇ 2.07 ਪ੍ਰਤੀਸ਼ਤ ਹੋ ਗਈ ਸੀ, ਜਦੋਂਕਿ ਪਿਛਲੇ ਮਹੀਨੇ ਇਹ ਆਠ ਸਾਲਾਂ ਦੇ ਹੇਠਲੇ ਪੱਧਰ 1.61 ਪ੍ਰਤੀਸ਼ਤ ‘ਤੇ ਪਹੁੰਚ ਗਈ ਸੀ।

ਜੀਐਸਟੀ ਦਰਾਂ ‘ਚ ਕਟੌਤੀ ਨਾਲ ਮਹਿੰਗਾਈ ਹੋਰ ਘਟੇਗੀ
ਇਸ ਤੋਂ ਪਹਿਲਾਂ ਰਿਟੇਲ ਫੂਡ ਇਨਫਲੇਸ਼ਨ ਦੀ ਦਰ ਲਗਾਤਾਰ ਤੀਜੇ ਮਹੀਨੇ ਨਕਾਰਾਤਮਕ ਰਹੀ। ਦੂਜੇ ਪਾਸੇ, ਅਰਥਸ਼ਾਸਤਰੀਆਂ ਦਾ ਅਨੁਮਾਨ ਹੈ ਕਿ 22 ਸਤੰਬਰ ਤੋਂ ਜੀਐਸਟੀ ਦਰਾਂ ‘ਚ ਕਟੌਤੀ ਲਾਗੂ ਹੋਣ ਤੋਂ ਬਾਅਦ ਕੀਮਤਾਂ ‘ਚ ਹੋਰ ਕਮੀ ਆਵੇਗੀ। ਜੀਐਸਟੀ ਕੌਂਸਲ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਦੋ-ਦਰ ਸੰਰਚਨਾ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਨਾਲ 90 ਪ੍ਰਤੀਸ਼ਤ ਵਸਤਾਂ ਨੂੰ ਲੋਅਰ ਟੈਕਸ ਕੈਟਾਗਰੀ ‘ਚ ਟਰਾਂਸਫਰ ਕਰ ਦਿੱਤਾ ਗਿਆ।

ਅਗਸਤ ‘ਚ ਸੀਪੀਆਈ (ਕੰਜ਼ਿਊਮਰ ਪ੍ਰਾਈਸ ਇੰਡੈਕਸ) ਜਾਂ ਰਿਟੇਲ ਮਹਿੰਗਾਈ ਦੀਆਂ ਦਰਾਂ ‘ਚ ਖਾਣ-ਪੀਣ ਦੀਆਂ ਕੀਮਤਾਂ ‘ਚ ਮਾਮੂਲੀ ਵਾਧੇ ਕਾਰਨ 2.07% ਤਕ ਪਹੁੰਚ ਗਈਆਂ ਸਨ। ਹਾਲਾਂਕਿ, ਇਹ ਲਗਾਤਾਰ ਦਸਵੇਂ ਮਹੀਨੇ ਆਰਬੀਆਈ ਦੇ ਸਹਿਣਸ਼ੀਲਤਾ ਬੈਂਡ ਦੇ ਅੰਦਰ ਰਹੀ।

ਅਗਸਤ ‘ਚ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ‘ਚ 0.69% ਦੀ ਕਮੀ ਆਈ, ਜਦੋਂਕਿ ਜੁਲਾਈ ‘ਚ 1.76% ਦੀ ਕਮੀ ਆਈ ਸੀ, ਜਦੋਂ ਕਿ ਸਬਜ਼ੀਆਂ ਦੀਆਂ ਕੀਮਤਾਂ ‘ਚ 15.92% ਦੀ ਕਮੀ ਆਈ, ਜਦੋਂਕਿ ਪਿਛਲੇ ਮਹੀਨੇ 20.69% ਦੀ ਕਮੀ ਆਈ ਸੀ।

ਚਿੰਤਾ ਦੀ ਗੱਲ ਇਹ ਹੈ ਕਿ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ‘ਚ ਅੱਗੇ ਵੀ ਵਾਧਾ ਰਹਿਣ ਦਾ ਅਨੁਮਾਨ ਹੈ, ਕਿਉਂਕਿ ਅਗਸਤ ‘ਚ ਆਮ ਤੋਂ ਵੱਧ ਬਰਸਾਤ ਤੇ ਸਤੰਬਰ ‘ਚ ਵੀ ਇਸ ਸਿਲਸਿਲੇ ਦੇ ਜਾਰੀ ਰਹਿਣ ਨਾਲ ਚੌਲ, ਕਪਾਹ, ਸੋਇਆਬੀਨ ਤੇ ਦਾਲਾਂ ਵਰਗੀਆਂ ਗਰਮੀਆਂ ‘ਚ ਬੋਈਆਂ ਜਾਣ ਵਾਲੀਆਂ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ।

Leave a Reply

Your email address will not be published. Required fields are marked *