Amritsar News : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਾਤ-ਪਾਤ ਵਿਤਕਰੇ ਅਧਾਰਿਤ ਆਨਰ ਕਿਲਿੰਗ ਦੇ ਪੀੜਤ ਪਰਿਵਾਰ ਨਾਲ ਤਾਮਿਲਨਾਡੂ ਪੁੱਜ ਕੇ ਕੀਤੀ ਮੁਲਾਕਾਤ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਾਮਿਲ ਨਾਡੂ ਦੇ ਥੁੱਥੂਕੁੜੀ ਜ਼ਿਲ੍ਹੇ ਦੇ ਆਰੂਮੁਗਾਮੰਗਲਮ ਪਿੰਡ ਵਿਖੇ ਬੀਤੇ ਦਿਨੀਂ ਜਾਤ ਪਾਤ ਵਿਤਕਰੇ ਅਧਾਰਿਤ ਆਨਰ ਕਿਲਿੰਗ ਵਿੱਚ ਕਤਲ ਕੀਤੇ ਗਏ 25 ਸਾਲਾ ਨੌਜਵਾਨ ਕਾਵਿਨ ਸੇਲਵਾ ਗਨੇਸ਼ ਦੇ ਮਾਪਿਆਂ – ਪਿਤਾ ਸ੍ਰੀ ਚੰਦਰ ਸ਼ੇਖਰ ਤੇ ਮਾਤਾ ਤਾਮਿਲ ਸੇਲਵੀ ਨਾਲ ਉਨ੍ਹਾਂ ਦੇ ਘਰ ਵਿਸ਼ੇਸ਼ ਰੂਪ ਵਿੱਚ ਪੁੱਜ ਕੇ ਮੁਲਾਕਾਤ ਕੀਤੀ ਤੇ ਪੀੜਤ ਪਰਿਵਾਰ ਨੂੰ ਹੌਂਸਲਾ ਦਿੱਤਾ ਕਿ ਉਹ ਇਨਸਾਫ਼ ਲਈ ਡਟ ਕੇ ਖੜ੍ਹਣ ਸਿੱਖ ਕੌਮ ਉਨ੍ਹਾਂ ਦੇ ਨਾਲ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਕਾਵਿਨ ਤਾਮਿਲ ਨਾਡੂ ਦੇ ਰਹਿਣ ਵਾਲੇ ਤਾਮਿਲ ਸਿੱਖ ਤੇ ਸੁਪਰੀਮ ਕੋਰਟ ਦੇ ਵਕੀਲ ਸ. ਜੀਵਨ ਸਿੰਘ ਦੇ ਭਾਣਜਾ ਸਨ, ਜਿਨ੍ਹਾਂ ਦੇ ਸੱਦੇ ਉੱਤੇ ਜਥੇਦਾਰ ਗੜਗੱਜ ਇੱਥੇ ਪੁੱਜੇ।

ਇਸ ਮੌਕੇ ਜਥੇਦਾਰ ਗੜਗੱਜ ਨੇ ਇਸ ਗੱਲ ਉੱਤੇ ਗਹਿਰੀ ਚਿੰਤਾ ਪ੍ਰਗਟਾਈ ਕਿ ਸੰਸਾਰ ਅੰਦਰ ਅੱਜ ਵੀ ਜਾਤੀਵਾਦ, ਰੰਗ ਭੇਦ ਅਤੇ ਜਾਤ ਅਧਾਰਿਤ ਵਿਤਕਰਾ ਤੇ ਆਨਰ ਕਿਲਿੰਗ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਫ਼ਲਸਫੇ ਵਿੱਚ ਸਮੁੱਚੀ ਮਾਨਵਤਾ ਨੂੰ ਇੱਕ ਅਕਾਲ ਪੁਰਖ ਦੇ ਬੰਦੇ ਆਖਿਆ ਗਿਆ ਹੈ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਕਾਲ ਪੁਰਖ ਦੇ ਸਨਮੁਖ ਪੀੜਤ ਪਰਿਵਾਰ ਨੂੰ ਇਨਸਾਫ਼ ਪ੍ਰਾਪਤ ਕਰਨ ਲਈ ਬਲ ਤੇ ਉੱਦਮ ਬਖ਼ਸ਼ਣ ਦੀ ਖੁਦ ਅਰਦਾਸ ਕੀਤੀ ਕਿ ਇਹ ਪਰਿਵਾਰ ਚੜ੍ਹਦੀ ਕਲਾ ਵਿੱਚ ਰਹੇ ਤੇ ਇਨ੍ਹਾਂ ਨਾਲ ਇਨਸਾਫ਼ ਹੋਵੇ। ਉਨ੍ਹਾਂ ਅਰਦਾਸ ਕੀਤੀ ਕਿ ਇਸ ਸੰਸਾਰ ਵਿੱਚੋਂ ਮੇਰ-ਤੇਰ, ਜਾਤ-ਪਾਤ, ਊਚ-ਨੀਚ ਜਿਹੇ ਜੋ ਭੇਦਭਾਵ ਹਨ ਜਿਨ੍ਹਾਂ ਕਰਕੇ ਕਈ ਕੀਮਤੀ ਜਾਨਾਂ ਸੰਸਾਰ ਤੋਂ ਚਲੇ ਜਾਂਦੀਆਂ ਹਨ, ਇਹ ਭੇਦਭਾਵ ਮਿਟਣ ਅਤੇ ਗੁਰੂ ਸਾਹਿਬਾਨ ਦੀ ਸਰਬ ਸਾਂਝੀਵਾਲਤਾ ਦੀ ਸਿਖਿਆ ਦਾ ਪ੍ਰਚਾਰ ਪ੍ਰਸਾਰ ਹੋਵੇ।

Leave a Reply

Your email address will not be published. Required fields are marked *