ਲਖਨਊ, 7 ਅਕਤੂਬਰ (ਦਲਜੀਤ ਸਿੰਘ)- ਯੂ.ਪੀ. ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ‘ਤੇ ਕਾਰ ਚੜ੍ਹਾਉਣ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਦੋਸ਼ੀ ਬੇਟੇ ਆਸ਼ੀਸ਼ ਮਿਸ਼ਰਾ ਨੂੰ ਪੁਲਸ ਨੇ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਇਹੀ ਨਹੀਂ, ਯੂ.ਪੀ. ਪੁਲਸ ਨੇ ਮੰਤਰੀ ਅਜੇ ਮਿਸ਼ਰਾ ਦੇ ਘਰ ਦੇ ਬਾਹਰ ਉਨ੍ਹਾਂ ਦੇ ਬੇਟੇ ਤੋਂ ਪੁੱਛਗਿੱਛ ਦਾ ਨੋਟਿਸ ਚਿਪਕਾ ਦਿੱਤਾ ਹੈ। ‘ਲਖੀਮਪੁਰ ਕਾਂਡ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਹਾਜ਼ਰ ਹੋਣ’ ਮੰਤਰੀ ਅਜੇ ਮਿਸ਼ਰਾ ਦੇ ਘਰ ‘ਤੇ ਇਹ ਨੋਟਿਸ ਲੱਗਾ ਹੋਇਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਹੁਣ ਪੁਲਸ ਨੇ ਪੁੱਛਗਿੱਛ ਲਈ ਕੱਲ ਸਵੇਰੇ 10 ਵਜੇ ਬੁਲਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਪੁਲਸ ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਕਰੇਗੀ।
ਇਸ ਮਾਮਲੇ ਵਿੱਚ ਪੁਲਸ ਦੀ ਹੁਣ ਤੱਕ ਨਾ-ਸਰਗਰਮੀ ਕਾਰਨ ਵਿਰੋਧੀ ਧਿਰ ਨੇ ਪੁਲਸ ‘ਤੇ ਹਾਈਪ੍ਰੋਫਾਈਲ ਦੋਸ਼ੀ ਨੂੰ ‘ਸੁਰੱਖਿਆ ਦੇਣ’ ਦਾ ਇਲਜ਼ਾਮ ਲਗਾਇਆ ਸੀ। ਲਖਨਊ ਜ਼ੋਨ ਆਈ.ਜੀ. ਲਕਸ਼ਮੀ ਸਿੰਘ ਨੇ ਦੱਸਿਆ, ਆਸ਼ੀਸ਼ ਮਿਸ਼ਰਾ ਨੂੰ ਸੰਮਨ ਜਾਰੀ ਕੀਤਾ ਹੈ। ਉਸ ਨੂੰ ਜਲਦ ਤੋਂ ਜਲਦ ਪੁੱਛਗਿੱਛ ਲਈ ਪੇਸ਼ ਹੋਣ ਨੂੰ ਕਿਹਾ ਗਿਆ ਹੈ। ਯੂ.ਪੀ. ਪੁਲਸ ਵਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ਵਿੱਚ ਆਸ਼ੀਸ਼ ਮਿਸ਼ਰਾ ਨੂੰ ਕਤਲ ਅਤੇ ਲਾਪਰਵਾਹੀ ਦਾ ਦੋਸ਼ੀ ਬਣਾਇਆ ਗਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਹੁਣ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।