ਚੰਡੀਗੜ੍ਹ : ਪਿਛਲੇ ਸਾਲ ਸੈਕਟਰ-10 ‘ਚ ਕੋਠੀ ਨੰਬਰ 575 ‘ਤੇ ਹੋਏ ਹੈਂਡ ਗ੍ਰੇਨੇਡ ਹਮਲੇ ‘ਚ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਨਾਲ ਜੁੜੇ ਅੱਤਵਾਦੀ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਦੀ ਭੂਮਿਕਾ ਸਾਹਮਣੇ ਆਈ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਦੀ ਟੀਮ ਸ਼ੇਰਾ ਦੇ ਘਰ ਵੀ ਗਈ ਸੀ, ਪਰ ਉੱਥੇ ਪਤਾ ਲੱਗਾ ਕਿ ਉਹ ਦੋ-ਤਿੰਨ ਸਾਲ ਪਹਿਲਾਂ ਹੀ ਪਿੰਡ ਛੱਡ ਚੁੱਕਾ ਹੈ। ਇਸ ਸੰਦਰਭ ‘ਚ ਏਜੰਸੀ ਦੀ ਮੰਗ ‘ਤੇ ਚੰਡੀਗੜ੍ਹ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਸ਼ੇਰਾ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ।
ਸ਼ਮਸ਼ੇਰ ਦਾ ਨਾਂ ਪੰਜਾਬ ‘ਚ ਪੁਲਿਸ ਥਾਣਿਆਂ ‘ਤੇ ਹੋਏ ਹੈਂਡ ਗ੍ਰੇਨੇਡ ਹਮਲਿਆਂ ‘ਚ ਵੀ ਸਾਹਮਣੇ ਆ ਚੁੱਕਾ ਹੈ। ਇਨ੍ਹਾਂ ਮਾਮਲਿਆਂ ‘ਚ ਅਮਰੀਕਾ ਵਿਚ ਰਹਿ ਰਹੇ ਹਰਪ੍ਰੀਤ ਸਿੰਘ ਉਰਫ਼ ਹੈੱਪੀ ਪਸ਼ੀਆਂ ਤੇ ਪਾਕਿਸਤਾਨ ‘ਚ ਮੌਜੂਦ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦੇ ਨਾਂ ਵੀ ਸ਼ਾਮਲ ਹਨ। ਸੈਕਟਰ-10 ਵਿਚ ਹੋਏ ਹੈਂਡ ਗ੍ਰੇਨੇਡ ਹਮਲਿਆਂ ਦੇ ਪਿੱਛੇ ਵੀ ਪਸ਼ੀਆਂ ਤੇ ਰਿੰਦਾ ਦਾ ਹੀ ਨਾਂ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਸ਼ਮਸ਼ੇਰ ਨੂੰ ਹੈੱਪੀ ਪਸ਼ੀਆਂ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਹੈ। ਉਹ ਆਤੰਕੀ ਹਮਲਿਆਂ ਲਈ ਨੌਜਵਾਨਾਂ ਦੀ ਭਰਤੀ ਕਰਦਾ ਹੈ ਤੇ ਹਥਿਆਰਾਂ ਦੀ ਤਸਕਰੀ ਅਤੇ ਟਾਰਗੇਟ ਦੀ ਰੇਕੀ ਵੀ ਕਰਵਾਉਂਦਾ ਹੈ।
