ਅੰਮ੍ਰਿਤਸਰ-ਇਕ ਪਾਸੇ ਰਾਵੀ ਦਰਿਆ ’ਚ ਮੁੜ ਪਾਣੀ ਆਉਣ ਕਾਰਨ ਹੜ੍ਹ ਪ੍ਰਭਾਵਿਤ ਪਿੰਡ ਰਮਦਾਸ ਅਤੇ ਅਜਨਾਲਾ ਹੜ੍ਹਾਂ ਦੀ ਮਾਰ ਹੇਠ ਆਉਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਰਾਵੀ ਦਰਿਆ ਨਾਲ ਲੱਗਦੇ ਉਸ ਧੁੱਸੀ ਬੰਨ੍ਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿੱਥੇ ਬੰਨ੍ਹ ਦਾ ਕੰਢਾ ਟੁੱਟ ਗਿਆ ਅਤੇ ਰਾਵੀ ਦੇ ਪਾਣੀ ਨੇ ਪਹਿਲਾਂ ਘੋਨੇਵਾਲਾ ਪਿੰਡ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਫਿਰ ਹੌਲੀ-ਹੌਲੀ 140 ਪਿੰਡਾਂ ਨੂੰ ਇਸ ਦੀ ਲਪੇਟ ’ਚ ਆ ਗਏ।
ਜਾਣਕਾਰੀ ਅਨੁਸਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਧੁੱਸੀ ਬੰਨ੍ਹ ਦੇ ਇਸ ਟੁੱਟੇ ਹੋਏ ਹਿੱਸੇ ਦੀ ਮੁਰੰਮਤ ਲਈ ਤਕਨੀਕੀ ਮਾਹਿਰਾਂ ਦੀ ਇਕ ਟੀਮ ਲਗਾਈ ਗਈ ਹੈ ਪਰ ਪਾਣੀ, ਮਿੱਟੀ ਅਤੇ ਚਿੱਕੜ ਕਾਰਨ ਇਸ ਟੁੱਟੇ ਹੋਏ ਹਿੱਸੇ ਦੀ ਮੁਰੰਮਤ ਇਸ ਸਮੇਂ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਸਥਿਤੀ ਦੀ ਨਾਜ਼ੁਕਤਾ ਨੂੰ ਵੇਖਦੇ ਹੋਏ ਡੀ. ਸੀ. ਸਾਕਸ਼ੀ ਸਾਹਨੀ ਨੇ ਆਪਣੀ ਪੂਰੀ ਟੀਮ, ਜਿਸ ’ਚ ਏ. ਡੀ. ਸੀ ਰੋਹਿਤ ਗੁਪਤਾ, ਐੱਸ. ਐੱਸ. ਪੀ. ਮਨਿੰਦਰ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਸਨ, ਨਾਲ ਧੁੱਸੀ ਬੰਨ੍ਹ ਦੇ ਟੁੱਟੇ ਹੋਏ ਹਿੱਸੇ ਦਾ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੂੰ ਢੁੱਕਵੀਂ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਇਸ ਤੋਂ ਪਹਿਲਾਂ ਡੀ. ਸੀ. ਨੇ ਬਿਆਸ ਦਰਿਆ ਦੇ ਉਸ ਹਿੱਸੇ ਦਾ ਵੀ ਮੁਆਇਨਾ ਕੀਤਾ, ਜਿੱਥੇ ਪਾਣੀ ਲੋਕਾਂ ਦੇ ਘਰਾਂ ਦੇ ਬਹੁਤ ਨੇੜੇ ਪਹੁੰਚ ਗਿਆ ਹੈ ਅਤੇ ਜੇਕਰ ਪਾਣੀ ਤਿੰਨ ਤੋਂ ਚਾਰ ਫੁੱਟ ਵਧਦਾ ਹੈ ਤਾਂ ਇਹ ਖੇਤਰ ਵੀ ਪਾਣੀ ਦੀ ਲਪੇਟ ’ਚ ਆ ਜਾਣਗੇ। ਡੀ. ਸੀ. ਨੇ ਸਥਾਨਕ ਨਿਵਾਸੀਆਂ ਨੂੰ ਸੁਰੱਖਿਅਤ ਥਾਂ ’ਤੇ ਜਾਣ ਦੀ ਅਪੀਲ ਵੀ ਕੀਤੀ ਹੈ। ਇਸ ਤੋਂ ਇਲਾਵਾ ਐੱਸ. ਡੀ. ਐੱਮ. ਬਾਬਾ ਬਕਾਲਾ ਨੇ ਹੜ੍ਹ ਦੀ ਸੰਭਾਵਨਾ ਤੋਂ ਬਾਅਦ ਸੁਰੱਖਿਅਤ ਥਾਂ ’ਤੇ ਕੈਂਪ ਲਾਉਣ ਦੇ ਨਿਰਦੇਸ਼ ਵੀ ਦਿੱਤੇ ਹਨ, ਜਿੱਥੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
