Bathinda News : ਦੂਜੇ ਦਿਨ ਵੀ ਨਹੀਂ ਪੂਰਿਆ ਜਾ ਸਕਿਆ ਲਸਾੜਾ ਡਰੇਨ ਦਾ ਪਾੜ, ਫ਼ਸਲਾਂ ‘ਚ ਭਰਿਆ ਪਾਣੀ

ਬਠਿੰਡਾ : ਪੰਜਾਬ ਅੰਦਰ ਆਏ ਹੜਾਂ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋਂ ਵਿੱਚ ਲਸਾੜਾ ਡਰੇਨ ਅੰਦਰ ਪਏ ਪਾੜ ਨੂੰ ਅੱਜ ਦੂਜੇ ਦਿਨ ਵੀ ਨਹੀਂ ਪੂਰਿਆ ਜਾ ਸਕਿਆ। ਪਹਿਲਾਂ ਪੰਜ ਦਿਨ ਬਾਅਦ ਸ਼ੁੱਕਰਵਾਰ ਪਾੜ ਪੂਰਨ ਦਾ ਕੰਮ ਸ਼ੁਰੂ ਹੋ ਸਕਿਆ ਸੀ। ਅੱਜ ਸ਼ਨੀਵਾਰ ਨੂੰ ਵੀ ਸਾਰਾ ਦਿਨ ਪਿੰਡਾਂ ਦੇ ਲੋਕ ਜੇਸੀਬੀ, ਪੌਕਲਾਇਨ ਮਸ਼ੀਨਾਂ ਅਤੇ ਟਰੈਕਟਰ ਟਰਾਲੀਆਂ ਨਾਲ ਪਾੜ ਪੂਰਨ ਦਾ ਕੰਮ ਕਰਦੇ ਰਹੇ, ਪਰ ਅਜੇ ਤਕ ਪਾੜ ਪੂਰਨ ਦਾ ਕੰਮ ਕਾਫੀ ਬਾਕੀ ਹੈ। ਜਿਸ ਤਰ੍ਹਾਂ ਮੌਸਮ ਵਿਭਾਗ ਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਤਾਂ ਲਸਾੜਾ ਡਰੇਨ ਦਾ ਪਾੜ ਪੂਰਨ ਵਿੱਚ ਕਿਸਾਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜੇ ਵੀ ਲਸਾੜਾ ਡਰੇਨ ਦਾ ਪਾੜ ਪੂਰਨ ਵਿੱਚ ਦੋ ਦਿਨ ਦਾ ਸਮਾਂ ਲੱਗ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਪੰਜ ਦਿਨ ਲਸਾੜਾ ਡਰੇਨ ਦੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ, ਪਰ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵੱਲੋਂ ਪਾੜ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜੇਸੀਬੀ ਤੋਂ ਇਲਾਵਾ ਪੋਕਲਾਇਨ ਮਸ਼ੀਨਾਂ ਲਗਾਤਾਰ ਪਾੜ ਨੂੰ ਪੂਰਨ ਦਾ ਕੰਮ ਕਰ ਰਹੀਆਂ ਹਨ, ਜਦੋਂ ਕਿ ਪਿੰਡ ਪਿੱਥੋ ਦੇ ਲੋਕ ਟਰੈਕਟਰ ਟਰਾਲੀਆਂ ਨਾਲ ਮਿੱਟੀ ਲਿਆ ਕੇ ਉਥੇ ਸੁੱਟ ਰਹੇ ਹਨ। ਲਸਾੜਾ ਡਰੇਨ ਅਤੇ ਸਹਿਣਾ ਆਊਟਫਾਲ ਰਾਮਪੁਰ ਖੇਤਰ ਦੇ ਕਈ ਪਿੰਡਾਂ ਦਾ ਨੁਕਸਾਨ ਕਰ ਚੁੱਕੀਆਂ ਹਨ। ਇੰਨ੍ਹਾਂ ਪਿੰਡਾਂ ਅੰਦਰ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ, ਜਦੋਂ ਕਿ ਇਕ ਦਰਜਨ ਦੇ ਕਰੀਬ ਘਰ ਵੀ ਨੁਕਸਾਨੇ ਗਏ ਹਨ।

Leave a Reply

Your email address will not be published. Required fields are marked *