ਪਠਾਨਕੋਟ : ਜ਼ਿਲ੍ਹਾ ਪਠਾਨਕੋਟ ਦੇ ਹਲਕਾ ਮਾਧੋਪੁਰ ਵਿਖੇ ਮਾਧੋਪੁਰ ਹੈਡਵਰਕਸ ਦੇ ਚਾਰ ਗੇਟ ਟੁੱਟ ਗਏ ਹਨ। ਇਸੇ ਦੌਰਾਨ ਗੇਟ ਦੀ ਰਿਪੇਅਰ ਕਰਦਾ ਇਕ ਮੁਲਾਜ਼ਮ ਪਾਣੀ ਦੀ ਲਪੇਟ ‘ਚ ਆ ਕੇ ਰੁੜ੍ਹ ਗਿਆ ਜਦੋਂਕਿ 50 ਦੇ ਕਰੀਬ ਮੁਲਾਜ਼ਮ ਉੱਥੇ ਫਸ ਗਏ। ਹਾਲਾਂਕਿ ਬਾਅਦ ‘ਚ ਉਨ੍ਹਾਂ ਦਾ ਦੋ ਹੈਲੀਕਾਪਟਰਾਂ ਰਾਹੀਂ ਰੈਸਕਿਊ ਕਰ ਲਿਆ ਗਿਆ ਤੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਮੌਕੇ ‘ਤੇ ਡਿਪਟੀ ਕਮਿਸ਼ਨਰ ਪਠਾਨਕੋਟ, ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ, ਐਨਡੀਆਰਐਫ ਟੀਮਾਂ, ਆਰਮੀ ਤੇ ਏਅਰਫੋਰਸ ਜਵਾਨਾਂ ਸਮੇਤ ਪਹੁੰਚ ਚੁੱਕੇ ਹਨ।
ਜਾਣਕਾਰੀ ਅਨੁਸਾਰ ਡੈਮ ਦੇ ਚਾਰ ਗੇਟ ਜਾਮ ਸਨ ਜਿਨ੍ਹਾਂ ਦੀ ਇਕ ਮੁਲਾਜ਼ਮਾਂ ਵੱਲੋਂ ਮੁਰੰਮਤ ਕੀਤੀ ਜਾ ਰਹੀ ਸੀ ਪਰ ਗੇਟ ਜਾਮ ਹੋਣ ਕਰਕੇ ਇਹ ਗੇਟ ਟੁੱਟ ਗਏ ਤੇ ਮੁਲਾਜ਼ਮ ਵਹਾਅ ਦੇ ਨਾਲ ਹੀ ਵਹਿ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਫਲੱਡ ਗੇਟਾਂ ਦੇ ਟੁੱਟਣ ਕਾਰਨ ਪੁਲ਼ ਵੀ ਟੁੱਟ ਚੁੱਕਾ ਹੈ ਜਿਸ ਕਾਰਨ ਉਥੇ ਕੰਮ ਕਰ ਰਹੇ ਮੁਲਾਜ਼ਮ ਫਸ ਗਏ ਜਿਨ੍ਹਾਂ ਦਾ ਰੈਸਕਿਊ ਕਰ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਇਹ ਸਾਰੇ ਮੁਲਾਜ਼ਮ ਐਸਡੀਓ ਤੇ ਐਕਸੀਅਨ ਪੱਧਰ ਦੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਗੇਟਾਂ ਦੇ ਟੁੱਟਣ ਕਾਰਨ ਹੁਣ ਪਾਣੀ ਲਗਾਤਾਰ ਨੀਵੇਂ ਪਾਸੇ ਵੱਲ ਵਹਿ ਰਿਹਾ ਹੈ ਜਿਸ ਦਾ ਨੁਕਸਾਨ ਜ਼ਿਲ੍ਹਾ ਅੰਮ੍ਰਿਤਸਰ ਤੇ ਗੁਰਦਾਸਪੁਰ ਨੂੰ ਹੋ ਸਕਦਾ ਹੈ।
