ਕਲਾਨੌਰ : ਹਿਮਾਚਲ ਤੇ ਜੰਮੂ ਦੀਆਂ ਪਹਾੜੀਆਂ ਵਿੱਚ ਬਾਰਿਸ਼ ਪੈਣ ਤੋਂ ਬਾਅਦ ਸਰਹੱਦੀ ਜ਼ਿਲਾਂ ਗੁਰਦਾਸਪੁਰ ਵਿੱਚ ਵਹਿੰਦੇ ਰਾਵੀ ਦਰਿਆ ਤੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਤੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਉੱਥੇ ਰਾਵੀ ਦਰਿਆ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਪੰਜ ਛੇ ਫੁੱਟ ਪਹਿਲਾਂ ਨਾਲੋਂ ਵਧਿਆ ਹੈ।
ਇਸ ਮੌਕੇ ਘੋਨੇ ਵਾਲ, ਗੁਰਚੱਕ , ਕਸੋਵਾਲ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਜਿੱਥੇ ਰਾਵੀ ਦਰਿਆ ਨੇ ਕਿਨਾਰੇ ਨੂੰ ਢਾਹ ਲਈ ਸੀ, ਉਸ ਜਗ੍ਹਾ ਤੇ ਮੁੜ ਢਾਹ ਲੱਗੀ ਹੋਈ ਹੈ ਤੇ ਜੇਕਰ ਪਾਣੀ ਦਾ ਵਹਾਅ ਇਸੇ ਤਰ੍ਹਾਂ ਤੇਜ਼ ਅਤੇ ਹੋਰ ਪਾਣੀ ਦਾ ਪੱਧਰ ਵਧਿਆ ਤਾਂ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਬਿਆਸ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵਧੀਆ ਹੋਇਆ ਹੈ। ਜਿਸ ਕਾਰਨ ਪਾਣੀ ਬਿਆਸ ਦਰਿਆ ਨਾਲ ਲੱਗਦੇ ਪਿੰਡ ਦਲੇਰਪੁਰ ਖੈਰਾ ਵਿੱਚ ਐਤਵਾਰ ਦੀ ਰਾਤ ਪਾਣੀ ਪ੍ਰਵੇਸ਼ ਕਰਨ ਤੇ ਪਿੰਡ ਦੇ ਲੋਕਾਂ ਦੀ ਰਾਹਤ ਲਈ ਬੀਐਸਐਫ ਦੇ ਜਵਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ। ਇਸ ਮੌਕੇ ਬੀਐਸਐਫ ਤੇ ਅਧਿਕਾਰੀਆਂ ਨੇ ਦੱਸਿਆ ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਵਧਣ ‘ਤੇ ਭਾਰਤ-ਪਾਕਿ ਸਰਹੱਦ ਦੀ ਸੁਰੱਖਿਆ ਲਈ ਬੀਐਸਐਫ ਦੇ ਜਵਾਨ ਪੂਰੀ ਤਰ੍ਹਾਂ ਮੁਸਤੈਦ ਹਨ। ਉਥੇ ਹੀ ਬਿਆਸ ਦਰਿਆ ‘ਚ ਵਧੇ ਪਾਣੀ ਦੀ ਲਪੇਟ ‘ਚ ਆਏ ਪਿੰਡ ਦਲੇਰਪੁਰ ਖਹਿਰਾ ‘ਚ ਬੀਐਸਐਫ ਦਾ ਬੋਟ ਵਿੰਗ ਦੇ ਜਵਾਨ ਪਿੰਡ ਦੇ ਲੋਕਾਂ ਦੀ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਸਹਾਇਤਾ ਕਰ ਰਹੇ ਹਨ ਅਤੇ ਪਾਣੀ ਕਾਰਨ ਫਸਲਾਂ ਵੀ ਡੁੱਬੀਆਂ ਹੋਈਆਂ ਹਨ। ਐਸਐਚਓ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਪਾਣੀ ਦਾ ਪੱਧਰ ਵਧਿਆ ਸੀ ਤੇ ਹੁਣ ਪਾਣੀ ਘੱਟ ਰਿਹਾ ਹੈ।
