ਡੇਰਾ ਬਾਬਾ ਨਾਨਕ : ਮੰਗਲਵਾਰ ਦੇਰ ਰਾਤ ਡੇਰਾ ਬਾਬਾ ਨਾਨਕ ਦੇ ਕਰਿਆਨਾ ਵਪਾਰੀ ਰਵੀ ਢਿੱਲੋਂ ਦੀ ਫਿਰੌਤੀ ਨਾ ਦੇਣ ਕਾਰਨ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਰੋਸ ਵਜੋਂ ਦੁਕਾਨਦਾਰਾਂ ਤੇ ਕਸਬਾ ਵਾਸੀਆਂ ਨੇ ਡੇਰਾ ਬਾਬਾ ਨਾਨਕ ਦਾ ਬਾਜ਼ਾਰ ਬੰਦ ਰੱਖਣ ਉਪਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਮੂਹਰੇ ਧਰਨਾ ਲਗਾ ਕੇ ਸਰਕਾਰ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਅਣਗਹਿਲੀ ਵਰਤਣ ਵਾਲੇ ਐਸਐਚਓ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਵੀਰ ਸਿੰਘ ਰੰਧਾਵਾ ਸਪੁੱਤਰ ਪਾਰਲੀਮੈਂਟ ਮੈਂਬਰ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਚੌੜਾ, ਹਰਦੀਪ ਸਿੰਘ ਚੇਅਰਮੈਨ, ਪਾਲੀ ਬੇਦੀ, ਰਾਜੂ ਪੰਡਿਤ, ਵਿਪਨ ਸੋਨੀ, ਲਾਡੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰਿਆਨਾ ਵਪਾਰੀ ਰਵੀ ਢਿੱਲੋਂ ਨੂੰ ਪਿਛਲੇ ਸਮੇਂ ਤੋਂ ਧਮਕੀਆਂ ਆ ਰਹੀਆਂ ਸਨ ਅਤੇ ਉਨ੍ਹਾਂ ਨੂੰ ਦੋ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਵੀ ਮਿਲੀ ਸੀ ਅਤੇ ਮੰਗਲਵਾਰ ਨੂੰ ਜਦੋਂ ਰਵੀ ਢਿੱਲੋ ਦੁਕਾਨ ਬੰਦ ਕਰ ਕੇ ਜਦੋਂ ਆਪਣੇ ਘਰ ਜਾਣਾ ਸੀ। ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਦੋਵੇਂ ਗੰਨਮੈਨਾਂ ਨੂੰ ਆਪਣੇ ਨਾਲ ਲੈ ਗਿਆ ਤੇ ਇਸ ਉਪਰੰਤ ਗੈਂਗਸਟਰਾਂ ਵੱਲੋਂ ਰਵੀ ਢਿੱਲੋਂ ਨੂੰ ਤਿੰਨ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਰਵੀ ਢਿੱਲੋਂ ਦੀ ਮੌਤ ਐਸਐਚਓ ਦੀ ਅਣਗਿਹਲੀ ਕਾਰਨ ਹੋਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਵਪਾਰੀ ਰਵੀ ਢਿੱਲੋਂ ਦੀ ਹੱਤਿਆ ਕਰਨ ਦੀ ਜ਼ਿੰਮੇਵਾਰੀ ਲੈਣ ਵਾਲੇ ਸ਼ੇਰਾ ਮਾਨ ਨੇ ਵੀ ਹੀ ਆਪਣੀ ਪੋਸਟ ‘ਚ ਕਿਹਾ ਹੈ ਜਿੰਨੇ ਜ਼ਿੰਮੇਵਾਰ ਅਸੀਂ ਹਾਂ ਉਨ੍ਹਾਂ ਜ਼ਿੰਮੇਵਾਰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦਾ ਐਸਐਚਓ ਹੈ।
