ਪੰਜਾਬ ਦੇ ਕਾਰੋਬਾਰੀਆਂ ਲਈ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਦਯੋਗਿਕ ਖੇਤਰ ਲਈ ਸੈਕਟਰ ਵਾਰ ਕਮੇਟੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕਮੇਟੀਆਂ ਦੇ ਚੇਅਰਮੈਨ ਤੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਸੱਤਾ ਤੁਹਾਡੇ ਹੱਥ ਵਿਚ ਹੈ, ਤੁਸੀਂ ਜੋ ਵੀ ਫ਼ੈਸਲੇ ਲਵੋਗੇ ਅਸੀਂ ਉਸ ਮੁਤਾਬਕ ਹੀ ਚੱਲਾਂਗੇ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਾਨੂੰ ਸੱਤਾ ਦਿੱਤੀ ਸੀ ਤੇ ਅੱਜ ਅਸੀਂ ਇਹ ਸੱਤਾ ਤੁਹਾਡੇ ਹੱਥ ਵਿਚ ਸੌਂਪਣ ਜਾ ਰਹੇ ਹਾਂ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਫ਼ੈਸਲੇ ਲਵੋ, ਅਸੀਂ ਉਸ ਮੁਤਾਬਕ ਚੱਲਾਂਗੇ। ਪੰਜਾਬ ਸਰਕਾਰ ਤੇ ਮੁੱਖ ਮੰਤਰੀ ਤੁਹਾਡੇ ਅਸਿਸਟੈਂਟ ਦੇ ਤੌਰ ‘ਤੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਡੀ ਸਰਕਾਰ ਬਣਨ ਤੋਂ ਪਹਿਲਾਂ ‘ਵਸੂਲੀ ਸਿਸਟਮ’ ਚੱਲਦਾ ਸੀ। ਕਾਰੋਬਾਰੀਆਂ ਨੂੰ ਤੰਗ-ਪ੍ਰੇਸ਼ਾਨ ਕਰ ਕੇ ਹਿੱਸੇ ਲਏ ਜਾਂਦੇ ਸੀ। ਇਸ ਤੋਂ ਤੰਗ ਆ ਕੇ ਹੌਲੀ-ਹੌਲੀ ਇੰਡਸਟਰੀ ਪੰਜਾਬ ਛੱਡ ਕੇ ਚਲੀ ਗਈ। ਪੰਜਾਬ ਕਿਸੇ ਵੇਲੇ ਇੰਡਸਟਰੀ ਲਈ ਪਹਿਲੇ ਨੰਬਰ ‘ਤੇ ਸੀ, ਉਹ ਵੇਖਦੇ ਹੀ ਵੇਖਦੇ 18ਵੇਂ ਨੰਬਰ ‘ਤੇ ਜਾ ਪਹੁੰਚਿਆ।

ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਬਾਅਦ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਅਸੀਂ 3 ਸਾਲਾਂ ਤੋਂ ਉਸ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਖੇਤਰ ਵਿਚ ਸਰਕਾਰ ਵੱਲੋਂ ਕਈ ਵੱਡੇ ਬਦਲਾਅ ਕੀਤੇ ਜਾ ਚੁੱਕੇ ਹਨ। ਇਹ ‘ਇੰਡਸਟਰੀ ਫਰੈਂਡਲੀ ਪੀਰੀਅਡ’ ਸੀ। ਪਰ ਅੱਜ ਤੋਂ ਬਾਅਦ ਇਹ ‘ਕ੍ਰਾਂਤੀਕਾਰੀ ਸਿਸਟਮ’ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤੰਤਰ ਵਿਚ ਜਨਤਾ ਮਾਲਕ ਹੁੰਦੀ ਹੈ। ਹੁਣ ਤੁਸੀਂ ਜੋ ਫ਼ੈਸਲੇ ਲਵੋਗੇ ਸਰਕਾਰ ਉਸ ਮੁਤਾਬਕ ਹੀ ਨੀਤੀਆਂ ਬਣਾਵੇਗੀ। ਕੇਜਰੀਵਾਲ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ।

Leave a Reply

Your email address will not be published. Required fields are marked *