ਜਲੰਧਰ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ, ਜਲੰਧਰ ਦੇ ਆਈਸੀਯੂ ‘ਚ ਤਿੰਨ ਮਰੀਜ਼ਾਂ ਦੀ ਮੌਤ ਦੀ ਘਟਨਾ ਦੀ ਗੰਭੀਰਤਾ ਨਾਲ ਨੋਟਿਸ ਲੈਂਦੇ ਹੋਏ ਵਿਸਥਾਰਪੂਰਵਕ ਜਾਂਚ ਦੇ ਹੁਕਮ ਦਿੱਤੇ ਹਨ। ਇਹ ਫੈਸਲਾ ਉਨ੍ਹਾਂ ਐਤਵਾਰ ਰਾਤ 12:55 ਵਜੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨਾਲ ਅਚਾਨਕ ਹਸਪਤਾਲ ਦੌਰੇ ਤੋਂ ਬਾਅਦ ਲਿਆ।
ਡਾ. ਬਲਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਕਸੀਜਨ ਪਲਾਂਟ ਵਿੱਚ ਇੱਕ ਤਕਨੀਕੀ ਖਾਮੀ ਕਾਰਨ ਥੋੜ੍ਹੀ ਦੇਰ ਲਈ ਦਬਾਅ ਘੱਟ ਹੋ ਗਿਆ ਸੀ, ਪਰ ਪਲਾਂਟ ਆਪਰੇਟਰ ਨੇ ਤੁਰੰਤ ਬੈਕਅਪ ਕੰਪਰੈੱਸਰ ਚਾਲੂ ਕਰਕੇ ਸਿਸਟਮ ਨੂੰ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਹਾਲਾਤ ਨੂੰ ਤੁਰੰਤ ਕਾਬੂ ਕਰ ਲਿਆ ਗਿਆ ਸੀ।
ਫਿਰ ਵੀ ਪੂਰੀ ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਉੱਚ ਪੱਧਰੀ ਜਾਂਚ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ 48 ਘੰਟਿਆਂ ਵਿੱਚ ਪੂਰੀ ਰਿਪੋਰਟ ਦਿੱਤੀ ਜਾਵੇ।
