ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਰਡੀਐਕਸ ਧਮਾਕੇ ਕਰਨ ਸੰਬੰਧੀ ਈਮੇਲ ਭੇਜਣ ਵਾਲਾ ਸੰਜੀਵ ਕੁਮਾਰ ਦੂਬੇ ਸਾਫਟਵੇਅਰ ਇੰਜੀਨੀਅਰ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਸੰਜੀਵ ਕੁਮਾਰ ਦੂਬੇ ਨੂੰ ਜਾਂਚ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਸੰਜੀਵ ਕੁਮਾਰ ਸੂਬੇ ਦੀ ਅਧਿਕਾਰਤ ਗ੍ਰਿਫ਼ਤਾਰੀ ਨਹੀਂ ਹੋਈ ਪਰ ਉਸ ਨੂੰ ਨੋਟਿਸ ‘ਤੇ ਇਸ ਇਨਵੈਸਟੀਗੇਸ਼ਨ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਸੀਪੀ ਨੇ ਕਿਹਾ ਕਿ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਸ ਦੇ ਨਾਲ ਹੋਰ ਕਿੰਨੇ ਕੁ ਸਾਥੀ ਹਨ। ਇਸ ਤੋਂ ਇਲਾਵਾ ਸੀਪੀ ਨੇ ਕਿਹਾ ਕਿ ਇਹ ਵੱਖ-ਵੱਖ ਕੰਪਨੀਆਂ ਵਿੱਚ ਬਤੌਰ ਸਾਫਟਵੇਅਰ ਇੰਜੀਨੀਅਰ ਕੰਮ ਕਰ ਚੁੱਕਾ ਹੈ ਅਤੇ ਇਸ ਸਮੇਂ ਕੋਈ ਵੀ ਨੌਕਰੀ ਨਹੀਂ ਕਰ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਇੰਟਰਨੈਟ ਸੁਵਿਧਾਵਾਂ ਦਾ ਨਜਾਇਜ਼ ਫਾਇਦਾ ਚੁੱਕਦਿਆਂ ਹੋਇਆ ਇਸ ਵੱਲੋਂ ਈਮੇਲ ਕੀਤੀਆਂ ਗਈਆਂ ਹਨ। ਅਗਲੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
