ਪਵਿੱਤਰ ਕਾਲੀ ਵੇਈਂ ਦੀ ਸਫਾਈ ਕਰਕੇ ਸੰਤ ਸੀਚੇਵਾਲ ਨੇ ਇਕ ਮਿਸਾਲ ਪੈਦਾ ਕੀਤੀ : CM ਮਾਨ

ਸੁਲਤਾਨਪੁਰ ਲੋਧੀ – ਪਵਿੱਤਰ ਕਾਲੀ ਵੇਈਂ ਦੀ 25ਵੀਂ ਵਰੇਗੰਡ ਮੌਕੇ ਨਿਰਮਲ ਕੁਟੀਆ, ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੁੱਜੇ। ਮੁੱਖ ਮੰਤਰੀ ਪੰਜਾਬ ਦਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੇ ਸੇਵਾਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਕਰਵਾਈ ਗਈ ਕਾਰ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਤ ਸੀਚੇਵਾਲ ਅਤੇ ਉਨ੍ਹਾਂ ਦੇ ਸਮੂਹ ਸੇਵਾਦਾਰ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਪ੍ਰਦੂਸ਼ਿਤ ਹੋ ਰਹੀ ਕਾਲੀ ਵੇਈਂ ਦੀ ਸਫਾਈ ਕਰਕੇ ਇੱਕ ਮਿਸਾਲ ਪੈਦਾ ਕੀਤੀ ਹੈ ਅਤੇ ਹੁਣ ਬੁੱਢੇ ਦਰਿਆ ਦੀ ਸਫਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਇਕ ਅਜਿਹੀ ਸ਼ਖਸ਼ੀਅਤ ਹਨ ਜਿਨਾਂ ਨੇ ਧਰਤੀ, ਹਵਾ ਅਤੇ ਪਾਣੀ ਨੂੰ ਬਚਾਉਣ ਲਈ ਖੁਦ ਨੂੰ ਸਮਰਪਿਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਦੋਂ ਵੀ ਅਤੇ ਜਿੱਥੇ ਵੀ ਮੌਕਾ ਮਿਲੇ,ਰਲ ਮਿਲ ਕੇ ਪਾਣੀ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਹੱਕ ਦਾ ਪਾਣੀ ਕਿਸੇ ਨੂੰ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਬੀਤੇ ਦਿਨ ਹੀ ਅਸੀਂ ਬੇਅਦਬੀਆਂ ਦੇ ਸੰਬੰਧ ਵਿੱਚ ਵਿਧਾਨ ਸਭਾ ਵਿਚ ਕਾਨੂੰਨ ਪੇਸ਼ ਕੀਤਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਜਿਸ ਗੁਰੂ ਮਹਾਰਾਜ ਕੋਲੋਂ ਅਸੀਂ ਸੁਰੱਖਿਆ ਮੰਗਦੇ ਹਾਂ ਉਸ ਦੀ ਸੁਰੱਖਿਆ ਲਈ ਹੀ ਸਾਨੂੰ ਕਾਨੂੰਨ ਬਣਾਉਣਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਤਾਕਤ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਵਿੱਚ ਹੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਵਨ ਨਗਰੀ ਪੁੱਜ ਕੇ ਚਾਰੇ ਪਾਸੇ ਹਰਿਆਲੀ ਵੇਖ ਕੇ ਮਨ ਨੂੰ ਇੱਕ ਬੜਾ ਸਕੂਨ ਮਿਲਿਆ ਹੈ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਹੀ ਬਦੌਲਤ ਹੈ ਜਿਨਾਂ ਨੇ ਆਪਣੀ ਟੀਮ ਨੂੰ ਲੈ ਕੇ ਪਵਿੱਤਰ ਕਾਲੀ ਵੇਈਂ ਦੇ ਕੰਢਿਆਂ ਨੂੰ ਸ਼ਿੰਗਾਰਿਆ ਹੈ।

Leave a Reply

Your email address will not be published. Required fields are marked *