ਲੁਧਿਆਣਾ : ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਲੁਧਿਆਣਾ ਦੇ ਗਲਾਡਾ ਦਫ਼ਤਰ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਵਰ੍ਹਦੇ ਮੀਂਹ ਵਿੱਚ ਵੀ ਕਾਂਗਰਸੀ ਪੂਰੇ ਜੋਸ਼ ਦੇ ਨਾਲ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰ ਰਹੇ। ਧਰਨੇ ਦੀ ਅਗਵਾਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਕਰ ਰਹੇ ਹਨ।
ਧਰਨੇ ਵਿੱਚ ਐਮਪੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੋਆਰਡੀਨੇਟਰ ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਹਨ। ਕਾਂਗਰਸੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸਾਡੇ ਕਿਸਾਨ ਆਪਣੇ ਹੱਕ ਲੈਣ ਲਈ ਕਈ ਮਹੀਨੇ ਸਰਹੱਦ ਤੇ ਬੈਠੇ ਰਹੇ ਅਤੇ ਉਹਨਾਂ ਨੇ ਮੀਹ ਤੇ ਧੁੱਪ ਆਪਣੇ ਪਿੰਡੇ ਤੇ ਹੰਡਾਇਆ ਸੀ।
ਉਹਨਾਂ ਕਿਹਾ ਕਿ ਅੱਜ ਵਰ੍ਹਦਾ ਮੀਹ ਸਾਨੂੰ ਰੋਸ ਪ੍ਰਗਟ ਕਰਨ ਤੋਂ ਨਹੀਂ ਰੋਕ ਸਕਦਾ। ਉਹਨਾਂ ਕਾਂਗਰਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੀਹ ਨੂੰ ਆਪਣੇ ਉੱਤੇ ਹੰਡਾ ਕੇ ਕਿਸਾਨਾਂ ਦੀਆਂ ਉਪਜਾਊ ਜਮੀਨਾਂ ਨੂੰ ਉਜਾੜਨ ਤੋਂ ਰੋਕਣ ਦਾ ਯਤਨ ਕਰਨ।
