ਹੁਣ ਪੇਂਡੂ ਖੇਡ ਮੇਲਿਆਂ ’ਚ ਬੈਲ ਗੱਡੀਆਂ ਫਿਰ ਪੱਟਣਗੀਆਂ ਧੂੜਾਂ, 11 ਸਾਲ ਬਾਅਦ ਹਟੀ ਪਾਬੰਦੀ, ਮਾਨ ਸਰਕਾਰ ਦਾ ਵੱਡਾ ਐਲਾਨ

ਚੰਡੀਗੜ੍ਹ : ਕਰੀਬ 11 ਸਾਲਾਂ ਬਾਅਦ ਹੁਣ ਪੇਡੂ ਖੇਡ ਮੇਲਿਆਂ ਵਿਚ ਬੈਲ ਗੱਡੀਆਂ ਫਿਰ ਧੂੜਾਂ ਪੱਟਣਗੀਆਂ। ਪੰਜਾਬ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਦਾ ਰਸਤਾ ਸਾਫ਼ ਹੋ ਗਿਆ ਹੈ। ਪੰਜਾਬ ਪਸ਼ੂ ਬੇਰਹਿਮੀ ਰੋਕਥਾਮ (ਪੰਜਾਬ ਸੋਧ) ਐਕਟ-2025 ਨੂੰ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ।
ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਹ ਬਿੱਲ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ 2014 ਵਿਚ ਬੈਲ ਗੱਡੀਆਂ ਦੀ ਦੌੜ ‘ਤੇ ਪਾਬੰਦੀ ਲਗਾਈ ਗਈ ਸੀ। ਜਿਸ ਤੋਂ ਬਾਅਦ 2017 ਵਿਚ ਤਾਮਿਲਨਾਡੂ ਸਰਕਾਰ ਨੇ ਆਪਣੇ ਰਾਜ ਵਿਚ ਹੋਣ ਵਾਲੀ ਬੈਲ ਗੱਡੀਆਂ ਦੀ ਦੌੜ, ਜਿਸਨੂੰ ਜਲੀਕੱਟੂ ਵੀ ਕਿਹਾ ਜਾਂਦਾ ਹੈ, ਸੰਬੰਧੀ ਕਾਨੂੰਨ ਵਿੱਚ ਸੋਧ ਕੀਤੀ। ਇਸ ਤੋਂ ਬਾਅਦ, ਮਹਾਰਾਸ਼ਟਰ ਸਰਕਾਰ ਨੇ ਵੀ ਆਪਣੇ ਕਾਨੂੰਨ ਵਿਚ ਸੋਧ ਕੀਤੀ। 2019 ਵਿਚ ਕਾਂਗਰਸ ਸਰਕਾਰ ਨੇ ਕਿਲਾ ਰਾਏਪੁਰ ਦੀ ਬੈਲਗੱਡੀ ਦੌੜ ਜਿਸਨੂੰ ਮਿੰਨੀ ਓਲੰਪਿਕ ਵੀ ਕਿਹਾ ਜਾਂਦਾ ਹੈ, ਸੰਬੰਧੀ ਕਾਨੂੰਨ ਵਿਚ ਸੋਧ ਕਰਕੇ ਰਾਸ਼ਟਰਪਤੀ ਨੂੰ ਭੇਜਿਆ ਸੀ। ਸਦਨ ਵਿੱਚ ਮੰਤਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਲਗਭਗ ਸਾਢੇ ਪੰਜ ਸਾਲਾਂ ਬਾਅਦ ਇਸਨੂੰ ਮਨਜ਼ੂਰੀ ਦੇ ਦਿੱਤੀ ਹੈ। ਜਦੋਂ ਕਿ ਸਰਕਾਰ ਨੇ ਇੱਕ ਨਵਾਂ ਬਿੱਲ ਲਿਆ ਕੇ ਪੂਰੇ ਪੰਜਾਬ ਵਿਚ ਬੈਲਗੱਡੀ ਦੌੜ ਲਈ ਰਾਹ ਖੋਲ੍ਹ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਬਿੱਲ ‘ਤੇ ਬਹਿਸ ਵਿੱਚ ਹਿੱਸਾ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੇ ਪੁੱਤਰਾਂ ਵਾਂਗ ਬਲਦਾਂ ਨੂੰ ਪਾਲਦੇ ਹਨ। ਬੈਲਗੱਡੀ ਦੌੜ ਵਿਚ ਹਿੱਸਾ ਲੈਣ ਵਾਲੇ ਬਲਦਾਂ ਦੀ ਖੁਰਾਕ ਲੱਖਾਂ ਦੀ ਹੈ। ਬੈਲਗੱਡੀ ਦੌੜ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਹੋਈ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਬਲਦਾਂ ਰਾਹੀਂ ਖੇਤੀ ਕੀਤੀ ਸੀ। ਜਾਣਕਾਰੀ ਅਨੁਸਾਰ, ਕਾਂਗਰਸ ਸਰਕਾਰ ਦੌਰਾਨ ਪਾਸ ਕੀਤੇ ਗਏ ਅਤੇ ਰਾਸ਼ਟਰਪਤੀ ਨੂੰ ਭੇਜੇ ਗਏ ਬਿੱਲ ਵਿੱਚ, ਸਿਰਫ ਕਿਲਾ ਰਾਏਪੁਰ ਵਿੱਚ ਹੋਣ ਵਾਲੀ ਬੈਲਗੱਡੀ ਦੌੜ ਨੂੰ ਛੋਟ ਦੇਣ ਦੀ ਵਿਵਸਥਾ ਸੀ। ਜਦੋਂ ਕਿ ‘ਆਪ’ ਸਰਕਾਰ ਨੇ ਪੰਜਾਬ ਪ੍ਰੀਵੈਂਸ਼ਨ ਆਫ ਬੈਲਗੱਡੀ ਟੂ ਐਨੀਮਲਜ਼ (ਪੰਜਾਬ ਸੋਧ) ਐਕਟ-2025 ਲਿਆ ਕੇ ਪੰਜਾਬ ਭਰ ਵਿਚ ਬੈਲਗੱਡੀ ਦੌੜ ਲਈ ਰਾਹ ਖੋਲ੍ਹ ਦਿੱਤਾ ਹੈ। ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਕਿ ਕੁੱਤਿਆਂ ਦੀ ਦੌੜ, ਕਬੂਤਰ ਦੌੜ ਅਤੇ ਬੈਲ ਗੱਡੀਆਂ ਦੀ ਦੌੜ ਪੰਜਾਬ ਦੀਆਂ ਪ੍ਰਸਿੱਧ ਖੇਡਾਂ ਹਨ। ਇਨ੍ਹਾਂ ‘ਤੇ ਜ਼ੁਲਮ ਨੂੰ ਰੋਕਣ ਲਈ ਕੁਝ ਸ਼ਰਤਾਂ ਲਗਾਈਆਂ ਜਾ ਸਕਦੀਆਂ ਹਨ ਪਰ ਇਨ੍ਹਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਬਿੱਲ ਦਾ ਮੁੱਖ ਉਦੇਸ਼ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਜਾਨਵਰਾਂ ਲਈ ਸੁਰੱਖਿਆ ਉਪਾਅ ਯਕੀਨੀ ਬਣਾਉਣਾ ਹੈ, ਜਿਸ ਵਿੱਚ ਜਾਨਵਰਾਂ ਦੀ ਵੈਟਰਨਰੀ ਨਿਗਰਾਨੀ, ਸੁਰੱਖਿਆ ਮਾਪਦੰਡ, ਰਜਿਸਟ੍ਰੇਸ਼ਨ/ਦਸਤਾਵੇਜ਼ੀਕਰਨ ਅਤੇ ਉਲੰਘਣਾਵਾਂ ਲਈ ਸਜ਼ਾ ਸ਼ਾਮਲ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਬਿੱਲ ਪਿੰਡਾਂ ਵਿੱਚ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੰਜਾਬ ਦੇ ਦੇਸੀ ਜਾਨਵਰਾਂ ਦੀਆਂ ਨਸਲਾਂ ਨੂੰ ਬਚਾਉਣ ਵਿੱਚ ਮਦਦ ਕਰੇਗਾ। ਡਾ ਬਲਜੀਤ ਕੌਰ ਨੇ ਕਿਹਾ ਕਿ ਮਨੁੱਖ ਦਾ ਪਸ਼ੂਆਂ ਨਾਲ ਮੋਹ ਦਾ ਰਿਸ਼ਤਾ ਹੁੰਦਾ ਹੈ।

Leave a Reply

Your email address will not be published. Required fields are marked *