ਦਿੱਲੀ ਦੀ ਦਹਿਲੀਜ਼ ’ਤੇ ਪੁੱਜਾ ਮੌਨਸੂਨ, ਹਿਮਾਚਲ ‘ਚ 4-5 ਦਿਨ ਪਹਿਲਾਂ ਹੀ ਦੇ ਦਿੱਤੀ ਦਸਤਕ

ਨਵੀਂ ਦਿੱਲੀ : ਬ੍ਰੇਕ ਤੋਂ ਬਾਅਦ ਦੱਖਣੀ-ਪੱਛਮੀ ਮੌਨਸੂਨ ਨੇ ਮੁੜ ਰਫ਼ਤਾਰ ਫੜ ਲਈ ਹੈ। ਤੇਜ਼ੀ ਨਾਲ ਵਧਦੇ ਹੋਏ ਇਹ ਦਿੱਲੀ ਦੀ ਦਹਿਲੀਜ਼ ’ਤੇ ਪੁੱਜ ਚੁੱਕਾ ਹੈ ਤੇ ਇਕ-ਦੋ ਦਿਨਾਂ ਅੰਦਰ ਰਾਸ਼ਟਰੀ ਰਾਜਧਾਨੀ ਖੇਤਰ ’ਚ ਦਸਤਕ ਦੇ ਸਕਦਾ ਹੈ। ਦਿੱਲੀ ’ਚ ਮੌਨਸੂਨ ਦੇ ਆਉਣ ਦੀ ਆਮ ਤਰੀਕ 26 ਤੋਂ 27 ਜੂਨ ਹੈ ਪਰ ਇਸ ਵਾਰ ਚਾਰ-ਪੰਜ ਦਿਨ ਪਹਿਲਾਂ ਆਉਣ ਦੀਆਂ ਸਥਿਤੀਆਂ ਅਨੁਕੂਲ ਦਿਖਾਈ ਦੇ ਰਹੀਆਂ ਹਨ। ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਪਹਿਲਾਂ ਹੀ ਮੌਨਸੂਨ ਦੀ ਬਾਰਿਸ਼ ਸ਼ੁਰੂ ਹੋ ਚੁੱਕੀ ਹੈ। ਹੁਣ ਵਾਰੀ ਹੈ ਰਾਸ਼ਟਰੀ ਰਾਜਧਾਨੀ ਖੇਤਰ ਸਮੇਤ ਪੰਜਾਬ ਤੇ ਹਰਿਆਣਾ ਦੀ, ਜਿੱਥੇ ਕਿਸੇ ਵੇਲੇ ਵੀ ਮੌਨਸੂਨ ਦਾਖ਼ਲ ਹੋ ਸਕਦਾ ਹੈ। ਹੁਣ ਤੱਕ ਬਿਹਾਰ, ਪੂਰਬੀ ਤੇ ਮੱਧ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਉੱਤਰਾਖੰਡ ਤੇ ਹਿਮਾਚਲ ਦੇ ਕੁਝ ਹਿੱਸਿਆਂ ’ਚ ਮੌਨਸੂਨ ਪੁੱਜ ਚੁੱਕਾ ਹੈ।

ਮੌਸਮ ਵਿਭਾਗ ਨੇ ਅਗਲੇ ਇਕ ਹਫ਼ਤੇ ਤੱਕ ਹਿਮਾਚਲ, ਉੱਤਰਾਖੰਡ, ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਪੂਰਬੀ ਰਾਜਸਥਾਨ ’ਚ ਵੱਖ-ਵੱਖ ਥਾਵਾਂ ’ਤੇ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਖੇਤਰਾਂ ’ਚ 40-50 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਹਾਲੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ’ਚ ਤਾਪਮਾਨ ਆਮ ਤੋਂ ਉੱਪਰ ਬਣਿਆ ਹੋਇਆ ਹੈ ਪਰ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਵਿਚ ਬਾਰਿਸ਼ ਰਾਹਤ ਲੈ ਕੇ ਆਵੇਗੀ। ਮੌਸਮ ਵਿਭਾਗ ਮੁਤਾਬਕ, ਸੋਮਵਾਰ ਤੋਂ ਦਿੱਲੀ, ਹਰਿਆਣਾ, ਪੰਜਾਬ ਤੇ ਪੱਛਮੀ ਉੱਤਰ ਪ੍ਰਦੇਸ਼ ’ਚ ਮੌਨਸੂਨ ਦੀ ਬਾਰਿਸ਼ ’ਚ ਤੇਜ਼ੀ ਆਵੇਗੀ। ਜੰਮੂ-ਕਸ਼ਮੀਰ ’ਚ 21 ਤੋਂ 26 ਜੂਨ ਤੱਕ ਬਾਰਿਸ਼ ਦਾ ਦੌਰ ਸ਼ੁਰੂ ਹੋ ਸਕਦਾ ਹੈ। ਇਸ ਦਰਮਿਆਨ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਪੂਰਬੀ ਰਾਜਸਥਾਨ ਤੇ ਮਹਾਰਾਸ਼ਟਰ ਦੇ ਤੱਟਵਰਤੀ ਜ਼ਿਲ੍ਹਿਆਂ ’ਚ ਬਾਰਿਸ਼ ਜਾਰੀ ਹੈ। ਮੁੰਬਈ ਤੇ ਕਰਨਾਟਕ ਦੇ ਤੱਟਵਰਤੀ ਇਲਾਕਿਆਂ ’ਚ ਵੀ ਲਗਾਤਾਰ ਬਾਰਿਸ਼ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।

Leave a Reply

Your email address will not be published. Required fields are marked *