ਜਲੰਧਰ–ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਫੜੇ ‘ਆਪ’ ਵਿਧਾਇਕ ਰਮਨ ਅਰੋੜਾ ਵੱਲੋਂ 3 ਸਾਲ ਵਿਚ ਇੰਨੇ ਵੱਡੇ ਪੱਧਰ ’ਤੇ ਬੇਨਾਮੀ ਜਾਇਦਾਦਾਂ ਬਣਾਉਣ ਸਬੰਧੀ ਜਾਂਚ ਕਰਨ ਲਈ ਵਿਜੀਲੈਂਸ ਟੀਮ ਵੱਲੋਂ ਰੈਵੇਨਿਊ ਰਿਕਾਰਡ ਵਿਚੋਂ 27 ਰਜਿਸਟਰੀਆਂ ਦਾ ਰਿਕਾਰਡ ਲਿਆ ਗਿਆ, ਜਿਨ੍ਹਾਂ ਦਾ ਕਨੈਕਸ਼ਨ ਵਿਧਾਇਕ ਰਮਨ ਅਰੋੜਾ ਨਾਲ ਹੋ ਸਕਦਾ ਹੈ। ਇਨ੍ਹਾਂ ਰਜਿਸਟਰੀਆਂ ਵਿਚ ਸਿਰਫ਼ 13 ਰਜਿਸਟਰੀਆਂ ਤਾਂ ਲੰਮਾ ਪਿੰਡ ਚੌਂਕ ਦੇ ਇਕ ਨਾਮੀ ਕਾਲੋਨਾਈਜ਼ਰ ਦੇ ਨਾਂ ’ਤੇ ਹੋਈਆਂ ਹਨ। ਵਿਜੀਲੈਂਸ ਮੁਤਾਬਕ ਇਹ 27 ਰਜਿਸਟਰੀਆਂ ਜੋਕਿ ਰੈਵੇਨਿਊ ਰਿਕਾਰਡ ਤੋਂ ਲਈਆਂ ਗਈਆਂ ਹਨ, ਉਸ ਮੁਤਾਬਕ ਪਰਾਗਪੁਰ ਇਲਾਕੇ ਦੀ ਸਭ ਤੋਂ ਜ਼ਿਆਦਾ ਜ਼ਮੀਨ ਵਿਚ ਪੈਸੇ ਇਨਵੈਸਟ ਕੀਤੇ ਹੋ ਸਕਦੇ ਹਨ।
ਵਿਜੀਲੈਂਸ ਮੁਤਾਬਕ ਇਨ੍ਹਾਂ ਪ੍ਰਾਪਰਟੀਆਂ ਦੇ ਖ਼ਰੀਦਦਾਰ ਸਾਬਕਾ ਕਾਂਗਰਸੀ ਕੌਂਸਲਰ, ਲੰਮਾ ਪਿੰਡ ਚੌਕ ਦਾ ਨਾਮੀ ਕੌਂਸਲਰ, ਪੀਰ ਬੋਦਲਾਂ ਸਥਿਤ ਵਿਧਾਇਕ ਦੇ ਰਿਸ਼ਤੇਦਾਰ ਅਤੇ ਉਨ੍ਹਾਂ ਦੀ ਰੀਅਲ ਅਸਟੇਟ ਕੰਪਨੀ ਦੇ ਨਾਂ ’ਤੇ ਨਿਕਲੇ ਹਨ। ਹੁਣ ਵਿਜੀਲੈਂਸ ਉਨ੍ਹਾਂ ਨੂੰ ਵੀ ਜਾਂਚ ਵਿਚ ਸ਼ਾਮਲ ਕਰੇਗੀ।
ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਵੱਲੋਂ ਕੁੱਲ੍ਹ 27 ਜਾਇਦਾਦਾਂ ਦਾ ਰਿਕਾਰਡ ਰੈਵੇਨਿਊ ਵਿਭਾਗ ਤੋਂ ਲਿਆ ਗਿਆ, ਜਿੱਥੇ 13 ਜਾਇਦਾਦਾਂ ਦੀ ਰਜਿਸਟਰੀ ਦੀ ਕਾਪੀ ਸਿੱਧਾ ਸਬ-ਰਜਿਸਟਰਾਰ ਦਫ਼ਤਰ ਤੋਂ ਲਈ ਗਈ ਅਤੇ 14 ਜਾਇਦਾਦਾਂ ਬਾਰੇ ਜਾਣਕਾਰੀ ਰਿਕਾਰਡ ਰੂਮ ਤੋਂ ਲਈ ਗਈ ਸੀ। ਵਿਜੀਲੈਂਸ ਨੇ ਵਿਭਾਗ ਵੱਲੋਂ ਉਕਤ ਰਜਿਸਟਰੀਆਂ ਦਾ ਰਿਕਾਰਡ ਲੈ ਕੇ ਵਿਧਾਇਕ ਰਮਨ ਅਰੋੜਾ ਤੋਂ ਬੀਤੇ ਦਿਨ ਕਾਫ਼ੀ ਲੰਮੀ ਪੁੱਛਗਿੱਛ ਕੀਤੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਰੀਆਂ ਰਜਿਸਟਰੀਆਂ ਕਿਸੇ ਹੋਰ ਵਿਅਕਤੀ ਦੇ ਨਾਂ ’ਤੇ ਮਿਲੀਆਂ ਹਨ, ਜਿਸ ਕਾਰਨ ਵਿਜੀਲੈਂਸ ਅਫ਼ਸਰ ਨੂੰ ਜਾਂਚ ਵਿਚ ਸਮਾਂ ਲੱਗ ਰਿਹਾ ਹੈ। ਉਕਤ ਸਾਰੇ ਲੋਕਾਂ ਦਾ ਕਨੈਕਸ਼ਨ ਵਿਧਾਇਕ ਰਮਨ ਅਰੋੜਾ ਨਾਲ ਲਿੰਕ ਤਾਂ ਨਹੀਂ ਹੈ।
ਕਈ ਏਕੜ ਪ੍ਰਾਪਰਟੀ ਖ਼ਰੀਦਣ ਵਾਲਾ ਸਾਬਕਾ ਕੌਂਸਲਰ ਵੀ ਵਿਜੀਲੈਂਸ ਦੇ ਘੇਰੇ ’ਚ
ਵਿਜੀਲੈਂਸ ਵੱਲੋਂ ਜੋ ਰਿਕਾਰਡ ਰੈਵੇਨਿਊ ਵਿਭਾਗ ਤੋਂ ਲਿਆ ਗਿਆ ਹੈ, ਉਸ ਵਿਚ ਕੁਝ ਪ੍ਰਾਪਰਟੀ ਇਕ ਸਾਬਕਾ ਕਾਂਗਰਸੀ ਕੌਂਸਲਰ ਦੇ ਨਾਂ ’ਤੇ ਮਿਲੀ ਹੈ, ਜਿਸ ਤੋਂ ਵਿਜੀਲੈਂਸ ਵੀ ਹੈਰਾਨ ਹੈ ਕਿ ਉਸ ਦਾ ਵਿਧਾਇਕ ਰਮਨ ਅਰੋੜਾ ਨਾਲ ਆਖਿਰ ਕੀ ਕਨੈਕਸ਼ਨ ਹੋ ਸਕਦਾ ਹੈ। ਉਨ੍ਹਾਂ ਦੇ ਨਾਂ ’ਤੇ ਕਈ ਏਕੜ ਪ੍ਰਾਪਰਟੀ ਖ਼ਰੀਦੀ ਗਈ ਹੈ, ਜੋਕਿ ਹਾਲ ਹੀ ਵਿਚ ਖ਼ਰੀਦੀ ਗਈ ਦੱਸੀ ਗਈ ਹੈ।
ਸੂਤਰਾਂ ਦੀ ਮੰਨੀਏ ਤਾਂ ਉਕਤ ਜਿੰਮ ਜਾਣ ਦਾ ਸ਼ੌਕੀਨ ਸਾਬਕਾ ਕੌਂਸਲਰ ਪੰਜਾਬ ਦੇ ਇਕ ਸੰਸਦ ਮੈਂਬਰ ਦਾ ਕਰੀਬੀ ਹੈ ਅਤੇ ਉਨ੍ਹਾਂ ਨਾਲ ਹਮੇਸ਼ਾ ਉਨ੍ਹਾਂ ਦੀ ਗੱਡੀ ਵਿਚ ਰਹਿੰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਵਿਭਾਗ ਵੱਲੋਂ ਰੈਵੇਨਿਊ ਰਿਕਾਰਡ ਤੋਂ ਮਿਲੇ ਦਸਤਾਵੇਜ਼ਾਂ ਮੁਤਾਬਕ ਸਭ ਤੋਂ ਜ਼ਿਆਦਾ ਜਾਇਦਾਦ ਪਰਾਗਪੁਰ ਵਾਲੇ ਇਲਾਕੇ ਵਿਚ ਖ਼ਰੀਦੀ ਗਈ ਹੈ, ਜਿਨ੍ਹਾਂ ਦੀਆਂ ਰਜਿਸਟਰੀਆਂ ਵੱਖ-ਵੱਖ ਲੋਕਾਂ ਦੇ ਨਾਂ ’ਤੇ ਹਨ।