ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਪੀਸੀ) ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ ਵਿਚ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੂੰ ਸਰਬਸੰਮਤੀ ਕਮੇਟੀ ਦਾ ਪ੍ਰਧਾਨ ਅਤੇ ਜਥੇਦਾਰ ਅੰਗਰੇਜ਼ ਸਿੰਘ ਕੰਬੋਜ ਰਾਣੀਆਂ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ ਹੈ। ਜਥੇਦਾਰ ਝੀਂਡਾ ਦੂਜੀ ਵਾਰ HSGPC ਦੇ ਪ੍ਰਧਾਨ ਬਣੇ ਹਨ।
ਗ਼ੌਰਤਲਬ ਹੈ ਕਿ ਐਚਐਸਜੀਪੀਸੀ ਦੇ ਹਾਊਸ ਦੀ ਚੋਣ ਬੀਤੇ ਜਨਵਰੀ ਮਹੀਨੇ ਦੌਰਾਨ ਹੋਈ ਸੀ, ਜਿਸ ਵਿਚ ਝੀਂਡਾ ਧੜੇ ਨੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਕਮੇਟੀ ਦੀ 11 ਮੈਂਬਰੀ ਕਾਰਜਕਾਰਨੀ ਕਮੇਟੀ ਦੀ ਚੋਣ ਅੱਜ ਕੁਰੂਕਸ਼ੇਤਰ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਕਮੇਟੀ ਦੇ ਮੁੱਖ ਦਫ਼ਤਰ ਵਿਚ ਕੀਤੀ ਗਈ।
ਇਸ ਦੇ ਨਾਲ ਹੀ ਹੋਰ ਅਹੁਦੇਦਾਰਾਂ ਵਿਚ ਗੁਰਮੀਤ ਸਿੰਘ ਮੀਤਾ ਪੰਚਕੂਲਾ ਨੂੰ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਰਾਦੌਰ ਨੂੰ ਮੀਤ ਪ੍ਰਧਾਨ ਅਤੇ ਬਲਵਿੰਦਰ ਸਿੰਘ ਭਿੰਡਰ ਕਾਂਗਥਲੀ ਨੂੰ ਸਕੱਤਰ ਚੁਣਿਆ ਗਿਆ ਹੈ।
ਕਮੇਟੀ ਦੇ ਪੰਜ ਅਹੁਦੇਦਾਰਾਂ ਤੋਂ ਇਲਾਵਾ 6 ਐਗਜ਼ੈਕਟਿਵ ਮੈਂਬਰਾਂ ਦੀ ਚੋਣ ਵੀ ਕੀਤੀ ਗਈ ਹੈ। ਇਨ੍ਹਾਂ ਵਿਚ ਕਰਨੈਲ ਸਿੰਘ ਨਿਮਨਾਬਾਦ, ਪਲਵਿੰਦਰ ਸਿੰਘ ਦਰਡ, ਕੁਲਦੀਪ ਸਿੰਘ ਮੁਲਤਾਨੀ, ਰੁਪਿੰਦਰ ਸਿੰਘ ਪੰਜੋਖਰਾ, ਜਗਤਾਰ ਸਿੰਘ ਮਾਨ ਅਤੇ ਟੀਪੀ ਸਿੰਘ ਸ਼ਾਮਲ ਹਨ।
ਜਥੇਦਾਰ ਨਲਵੀ ਵੱਲੋਂ ਚੋਣ ਦਾ ਵਿਰੋਧ
ਦੂਜੇ ਪਾਸੇ ਜਥੇਦਾਰ ਦੀਦਾਰ ਸਿੰਘ ਨਲਵੀ ਨੇ ਅੱਜ ਹੋਈ ਅਹੁਦੇਦਾਰਾਂ ਦੀ ਚੋਣ ਉਤੇ ਨਾਖ਼ੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਇਸ ਚੋਣ ਨੂੰ ‘ਲੋਕਤੰਤਰ ਦੀ ਹੱਤਿਆ’ ਕਰਾਰ ਦਿੱਤਾ ਹੈ।