ਨਵੀਂ ਦਿੱਲੀ, 2 ਅਕਤੂਬਰ (ਦਲਜੀਤ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 152ਵੀਂ ਜਯੰਤੀ ’ਤੇ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਜੀਵਨ ਅਤੇ ਆਦਰਸ਼ਨ ਦੇਸ਼ ਦੀ ਹਰ ਪੀੜ੍ਹੀ ਨੂੰ ਕਰਤੱਵ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤਾ ਕਰਦਾ ਰਹੇਗਾ। ਮੋਦੀ ਨੇ ਟਵੀਟ ਕੀਤਾ,‘‘ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਨਮ ਜਯੰਤੀ ’ਤੇ ਸ਼ਰਧਾਂਜਲੀ। ਪੂਜਯ ਬਾਪੂ ਦਾ ਜੀਵਨ ਅਤੇ ਆਦਰਸ਼ ਦੇਸ਼ ਦੀ ਹਰ ਪੀੜ੍ਹੀ ਨੂੰ ਕਰਤੱਵ ਦੇ ਰਸਤੇ ਚੱਲਣ ਲਈ ਪ੍ਰੇਰਿਤ ਕਰਦਾ ਰਹੇਗਾ।’’
ਉਨ੍ਹਾਂ ਕਿਹਾ,‘‘ਗਾਂਧੀ ਜਯੰਤੀ ’ਤੇ ਮੈਂ ਬਾਪੂ ਨੂੰ ਨਮਨ ਕਰਦਾ ਹਾਂ।’’ ਬਾਅਦ ’ਚ ਪ੍ਰਧਾਨ ਮੰਤਰੀ ਰਾਜਧਾਨੀ ਦੇ ਰਾਜਘਾਟ ਸਥਿਤ ਬਾਪੂ ਦੇ ਸਮਾਧੀ ਸਥਾਨ ਵੀ ਗਏ ਅਤੇ ਉਨ੍ਹਾਂ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਬਾਪੂ ਗਾਂਧੀ ਦਾ ਜਨਮ ਗੁਜਰਾਤ ਦੇ ਪੋਰਬੰਦਰ ’ਚ 2 ਅਕਤੂਬਰ 1869 ਨੂੰ ਹੋਇਆ ਸੀ। ਉਨ੍ਹਾਂ ਦੇ ਜਨਮ ਦਿਨ ਨੂੰ ਗਾਂਧੀ ਜਯੰਤੀ ਦੇ ਨਾਲ ਹੀ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਰੂਪ ’ਚ ਵੀ ਮਨਾਇਆ ਜਾਂਦਾ ਹੈ।