ਫਿਰੋਜ਼ਪੁਰ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵੱਡੀ ਕਾਮਯਾਬੀ ਮਿਲ ਰਹੀ ਹੈ। ਪੁਲਿਸ ਵੱਲੋਂ ਲਗਭਗ ਹਰ ਰੋਜ਼ ਹੈਰੋਇਨ ਦੀ ‘ ਕਮਰਸ਼ੀਅਲ ਕੁਆਂਟਿਟੀ’ ਸਮੇਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਇਸੇ ਸਿਲਸਿਲੇ ਵਿਚ ਡੀਐਸਪੀ ਦਿਹਾਤੀ ਕਰਨ ਸ਼ਰਮਾ ਦੀ ਅਗੁਵਾਈ ਵਿਚ ਥਾਣਾ ਘੱਲ ਖੁਰਦ ਪੁਲਿਸ ਨੇ 3 ਤਸਕਰਾਂ ਕੋਲੋਂ 2 ਕਿੱਲੋ 70 ਗ੍ਰਾਮ ਹੈਰੋਇਨ, 25 ਲੱਖ 12 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ 1 ਆਰਟੀਗਾ ਕਾਰ ਬਰਾਮਦ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਨਸ਼ਿਆਂ ਦੇ ਖਾਤਮੇ, ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ।