Punjab News: ਆਦਮਪੁਰ ਦੇ ਨਜ਼ਦੀਕੀ ਪਿੰਡ ਕਾਲਰਾ ਨਜਦੀਕ ਅੱਜ ਤੜਕਸਾਰ ਜਲੰਧਰ ਦਿਹਾਤੀ ਪੁਲੀਸ ਨੇ ਮੁਕਾਬਲੇ ਉਪਰੰਤ ਇਕ ਗੈਂਗਸਟਰ ਕਾਬੂ ਕੀਤਾ ਹੈ। ਦੋਵਾਂ ਵਿਚਕਾਰ ਹੋਈ ਗੋਲਾਬਾਰੀ ’ਚ ਜ਼ਖਮੀ ਹੋਏ ਪਰਮਜੀਤ ਪੰਮਾ ਵਾਸੀ ਪਿੰਡ ਬਿੰਜੋਂ ਹੁਸ਼ਿਆਰਪੁਰ ਨੂੰ ਗਿਰਫ਼ਤਾਰ ਕਰਨ ਉਪਰੰਤ ਇਲਾਜ ਲਈ ਸਿਵਲ ਜਲੰਧਰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲੀਸ ਮੁਖੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਜਲੰਧਰ ਵੱਲੋਂ ਕਾਲਰਾ ਨਜਦੀਕ ਕੀਤੀ ਨਾਕਾਬੰਦੀ ਦੌਰਾਨ ਮੇਹਟੀਆਣਾ ਸਾਈਡ ਤੋਂ ਆ ਰਹੀ ਬੋਲੈਰੋ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਚਾਲਕ ਨੇ ਰੋਕਣ ਦੀ ਬਜਾਏ ਪੁਲੀਸ ਪਾਰਟੀ ’ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੱਥਰ ਨਾਲ ਟਕਰਾਉਣ ਕਾਰਨ ਰੁਕ ਗਈ ਅਤੇ ਉਕਤ ਵਿਅਕਤੀ ’ਤੇ ਬਾਹਰ ਨਿੱਕਲਦਿਆਂ ਪੁਲੀਸ ’ਤੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਅਧਿਕਾਰੀ ਨੇ ਦੱਸਿਆ ਪੁਲੀਸ ਕਰਮੀਆਂ ਵੱਲੋਂ ਰੋਕੇ ਜਾਣ ਦੇ ਬਾਵਜੂਦ ਗੋਲੀਬਾਰੀ ਜਾਰੀ ਰਹੀ, ਜਿਸਦੀ ਜਵਾਬੀ ਕਾਰਵਈ ਵਿਚ ਪਰਮਜੀਤ ਸਿੰਘ ਦੀ ਖੱਬੀ ਲੱਤ ’ਤੇ ਗੋਲੀ ਲੱਗੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਕੋਲੋਂ ਦੋ 32 ਬੋਰ ਅਸਲ੍ਹਾ, 4 ਜਿੰਦਾ ਕਾਰਤੂਸ, 15 ਗ੍ਰਾਮ ਹੈਰੋਇਨ ਬਰਾਮਦ ਹੋਏ ਹਨ ਅਤੇ ਜ਼ਖਮੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਪਰਮਜੀਤ ਪੰਮਾ ਵਾਸੀ ਬਿੰਜੋ ਉੱਪਰ ਪਹਿਲਾਂ ਵੀ ਆਰਮ ਐਕਟ, ਲੁੱਟਾ ਖੋਹਾਂ, ਐੱਨਡੀਪੀਐੱਸ ਅਤੇ ਗੈਂਗ ਵਿੱਚ ਸ਼ਾਮਿਲ ਹੋਣ ਸਮੇਤ 19 ਦੇ ਕਰੀਬ ਮਾਮਲੇ ਦਰਜ ਹਨ।