ਰੱਖੜੀ ਤੋਂ ਪਹਿਲਾਂ ਘਰ ‘ਚ ਛਾਇਆ ਮਾਤਮ, ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ‘ਚ ਮੌਤ

ਔੜ- ਔੜ-ਫਿਲੌਰ ਮੁੱਖ ਮਾਰਗ ਉੱਪਰ ਪਿੰਡ ਚੱਕਦਾਨਾ ਬੱਸ ਅੱਡੇ ’ਤੇ ਔੜ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਫਾਰਚੂਨਰ ਬੇਕਾਬੂ ਗੱਡੀ ਬੱਸ ਅੱਡੇ ’ਤੇ ਖੜ੍ਹੇ ਲੋਕਾਂ ’ਤੇ ਚੜ੍ਹ ਗਈ, ਜਿਸ ਕਾਰਨ ਇਕ 22 ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇਕ ਔਰਤ ਸਣੇ ਦੋ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਫਾਰਚੂਨਰ ਦੇ ਡਰਾਈਵਰ ਨੂੰ ਫੜ ਕੇ ਲੋਕ ਪੁਲਸ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਅਨੁਸਾਰ ਇਹ ਫਾਰਚੂਨਰ ਗੱਡੀ ਨੰਬਰ ਪੀ. ਬੀ. 04 ਏ. ਸੀ. 0024 ਨੂੰ ਪਿੰਡ ਰਟੈਂਡਾ ਦਾ ਗੁਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਪ੍ਰੇਮ ਕੁਮਾਰ ਤੇਜ਼ ਰਫ਼ਤਾਰ ਨਾਲ ਔੜ ਵਾਲੀ ਸਾਈਡ ਤੋਂ ਆ ਰਿਹਾ ਸੀ। ਉਸ ਤੋਂ ਗੱਡੀ ਬੇਕਾਬੂ ਹੋ ਗਈ, ਜੋ ਪਹਿਲਾਂ ਦੁਕਾਨ ਦੇ ਬਾਹਰ ਖੜ੍ਹੇ ਇਕ ਨੌਜਵਾਨ ਅਤੇ ਬੱਸ ਅੱਡੇ ’ਤੇ ਬੈਠੀ ਇਕ ਔਰਤ ‘ਤੇ ਚੜ੍ਹ ਗਈ । ਉਪਰੰਤ ਅੱਗੇ ਖੜ੍ਹੀ ਆਲਟੋ ਕਾਰ ’ਚ ਜਾ ਵੱਜੀ, ਜਿਸ ਕਾਰਨ ਜਿੱਥੇ ਅਲਟੋ ਕਾਰ ਦਾ ਨੁਕਸਾਨ ਹੋ ਗਿਆ ਉਥੇ ਹੀ ਅਲਟੋ ਚਾਲਕ ਵੀ ਜ਼ਖ਼ਮੀ ਹੋ ਗਿਆ।

ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ (22) ਪੁੱਤਰ ਗੁਰਮੇਲ ਸਿੰਘ ਵਾਸੀ ਚੱਕਦਾਨਾ ਵਜੋਂ ਹੋਈ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜ਼ਖ਼ਮੀ ਹੋਈ ਔਰਤ ਜਿਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਟੁੱਟ ਗਈਆਂ, ਜਿਸ ਦੀ ਪਛਾਣ ਕ੍ਰਿਸ਼ਨਾ ਪਤਨੀ ਮਹਿੰਦਰ ਸਿੰਘ ਜੋ ਨੀਲੋਂ ਦੀ ਰਹਿਣ ਵਾਲੀ ਸੀ ਅਤੇ ਉਹ ਰੱਖੜੀਆਂ ਲੈ ਕੇ ਆਪਣੇ ਪਿੰਡ ਬਲੌਰ ਜਾਣ ਵਾਲੀ ਬੱਸ ਦੀ ਉਡੀਕ ਕਰ ਰਹੀ ਸੀ ਜਿਨ੍ਹਾਂ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ਹੈ।
ਘਟਨਾ ਵਾਲੀ ਥਾਂ ’ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਗੱਡੀ ਚਾਲਕ ਨੇ ਬੇ-ਹਿਸਾਬ ਨਸ਼ਾ ਕੀਤਾ ਹੋਇਆ ਸੀ ਜਿਸ ’ਤੇ ਸਖ਼ਤ ਕਾਰਵਾਈ ਨੂੰ ਲੈ ਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਮੌਕੇ ’ਤੇ ਹੀ ਮੁੱਖ ਮਾਰਗ ’ਤੇ ਧਰਨਾ ਲਗਾ ਦਿੱਤਾ ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਲੋਕਾਂ ’ਚ ਰੋਸ ਹੈ ਕਿ ਪੁਲਸ ਇਕ ਤਾਂ ਘਟਨਾ ਵਾਲੇ ਸਥਾਨ ’ਤੇ ਡੇਢ ਘੰਟੇ ਬਾਅਦ ਪੁੱਜੀ ਦੂਜਾ ਫਾਰਚੂਨਰ ਕਾਰ ਚਾਲਕ ’ਤੇ ਬਣਦੀ ਕਾਰਵਾਈ ਨਹੀਂ ਕਰ ਰਹੀ। ਇਸ ਸਬੰਧੀ ਐੱਸ. ਐੱਚ. ਓ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਫਾਰਚੂਨਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published. Required fields are marked *